ਪਟਿਆਲਾ
ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਦੀ ਦੂਜੀ ਮੰਜਿ਼ਲ ‘ਤੇ ਅੱਜ ਸਵੇਰੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਇਸ ਅੱਗ ਨੂੰ ਬੁਝਾਉਣ ਦੀ ਕੋਸਿਸ਼ ਕੀਤੀ ਗਈ।
ਅੱਗ ਦਾ ਫੈਲਾਅ ਜਿ਼ਆਦਾ ਹੋਣ ਕਾਰਨ ਅਤੇ ਸੰਬੰਧਤ ਜਗ੍ਹਾ ਉੱਤੇ ਅਹਿਮ ਦਸਤਾਵੇਜ਼ ਪਏ ਹੋਣ ਕਾਰਨ ਅੱਗ ਬੁਝਾਉਣ ਵਿੱਚ ਦਿੱਕਤ ਪੇਸ਼ ਆ ਰਹੀ ਸੀ, ਜਿਸ ਕਾਰਨ ਫਾਇਰ ਬਿਰਗੇਡ ਨੂੰ ਸੂਚਿਤ ਕੀਤਾ ਗਿਆ।
ਸਵੇਰੇ ਸੱਤ ਕੁ ਵਜੇ ਪਹੁੰਚੀ ਫਾਇਰ ਬਿਰਗੇਡ ਨੇ ਸਥਾਨਕ ਕਰਮਚਾਰੀਆਂ ਨਾਲ਼ ਮਿਲ ਕੇ ਤਕਰੀਬਨ ਨੌ ਕੁ ਵਜੇ ਤੱਕ ਅੱਗ ਉੱਤੇ ਕਾਬੂ ਪਾ ਲਿਆ।
ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਦੱਸਿਆ ਕਿ ਇਸ ਅੱਗ ਨਾਲ਼ ਤਿੰਨ ਕਮਰੇ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਸ ਮਾਮਲੇ ਵਿੱਚ ਦੋ ਕਮੇਟੀਆਂ ਸਥਾਪਿਤ ਕਰ ਦਿੱਤੀਆਂ ਗਈਆਂ ਹਨ।
ਪਹਿਲੀ ਕਮੇਟੀ ਇਸ ਅੱਗ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਵੇਗੀ ਜਿਸ ਵਿੱਚ ਸੰਬੰਧਤ ਇਮਾਰਤ ਨੂੰ ਹੋਏ ਨੁਕਸਾਨ, ਨੁਕਸਾਨੇ ਗਏ ਦਸਤਾਵੇਜ਼ ਅਤੇ ਨੁਕਸਾਨੇ ਗਏ ਸਮਾਨ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇਗੀ।
ਦੂਜੀ ਕਮੇਟੀ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਲਗਾਵੇਗੀ। ਇਸ ਕਮੇਟੀ ਵਿੱਚ ਫ਼ੋਰੈਂਸਿਕ ਵਿਗਿਆਨ ਤੋਂ ਮਾਹਿਰ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਫਾਇਰ ਬਿਰਗੇਡ ਮਹਿਕਮੇ ਵੱਲੋਂ ਵੱਖਰੇ ਤੌਰ ਉੱਤੇ ਇਸ ਘਟਨਾ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ।