ਪੰਜਾਬ ਸਰਕਾਰ ਵੱਲੋਂ ਈਟੀਟੀ ਅਧਿਆਪਕਾਂ ਦੀ ਮੰਗ ਪ੍ਰਵਾਨ, ਹਜ਼ਾਰਾਂ ਬੱਚਿਆਂ ਨੂੰ ਮਿਲੇਗੀ ਰਾਹਤ

1063
ਮੀਟਿੰਗ ਦੀ ਫਾਇਲ ਫੋਟੋ

 

  • ਈਟੀਟੀ ਅਧਿਆਪਕ ਯੂਨੀਅਨ ਦੀ ਰੱਖੀ ਮੰਗ ਨੂੰ ਸਰਕਾਰ ਨੇ ਕੀਤਾ ਸਵੀਕਾਰ
  • ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਵੱਲੋਂ ਕੀਤੀ ਗਈ ਸੀ ਵੱਡੀ ਪਹਿਲਕਦਮੀ
  • ਪੰਜਾਬ ਦੇ ਹਜ਼ਾਰਾਂ ਬੱਚਿਆਂ ਨੂੰ ਮਿਲੇਗੀ ਹੁਣ ਰਾਹਤ

ਮੁਹਾਲੀ

ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਬੀਤੇ ਦਿਨੀਂ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਨਾਲ ਵਿਸ਼ੇਸ਼ ਮੀਟਿੰਗ ਕਰਕੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੋਂ  ਬੋਰਡ ਦੇ ਸਰਟੀਫਿਕੇਟ ਦੀ ਫੀਸ ਨਾ ਲੈਣ ਦੀ ਮੰਗ ਰੱਖੀ ਸੀ, ਜਿਸ ਤੇ ਬੋਰਡ ਦੇ ਸਕੱਤਰ ਵੱਲੋਂ ਬੋਰਡ ਦੀ ਮੀਟਿੰਗ ‘ਚ ਇਹ ਮਸਲਾ ਰੱਖ ਕੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਜਿਸ ਨੂੰ ਅੱਜ ਅਮਲੀ ਜਾਮਾ ਪਹਿਨਾਉਦੇ ਹੋਏ ਬੋਰਡ ਨੇ ਫੀਸ ਨਾ ਲੈਣ ਦਾ ਫੈਸਲਾ ਕੀਤਾ ਹੈ। ਜਿਸ ਦਾ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਸਵਾਗਤ ਕੀਤਾ ਹੈ।

ਇੱਥੇ ਇਹ ਵਰਣਨਯੋਗ ਹੈ ਕਿ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਦੀ ਸਰਟੀਫਿਕੇਟ ਫੀਸ ਆਪਸ਼ਨਲ ਕਰਨ ਸਬੰਧੀ ਪੰਜਾਬ ਦੇ ਮੁਲਾਜ਼ਮਾਂ ਦੀ ਲਹਿਰ ਦੇ ਵੱਡੇ ਕੱਦਵਾਰ ਸੂਬਾ ਆਗੂ ਜਸਵਿੰਦਰ ਸਿੰਘ ਸਿੱਧੂ ਜੋ ਕਿ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਹਨ, ਉਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਅਵਿਕੇਸ਼ ਗੁਪਤਾ ਨੂੰ ਮਿਲ ਕੇ ਦਲੀਲ ਪੂਰਵਕ ਗੱਲ ਰੱਖ ਕੇ ਮੰਗ ਕੀਤੀ ਸੀ, ਕਿ ਵਿਦਿਆਰਥੀਆਂ ਲਈ ਸਰਟੀਫਿਕੇਟ ਦੀ ਹਾਰਡ ਕਾਪੀ ਫੀਸ 200 ਰੁਪਏ ਲਾਜ਼ਮੀ ਕਰਨ ਸਬੰਧੀ ਜਾਰੀ ਹੁਕਮ ਵਾਪਸ ਲਏ ਜਾਣ।

ਕਿਉਂਕਿ ਇਸ ਨਾਲ ਮਾਪਿਆਂ ਵਿੱਚ ਬੇਚੈਨੀ ਦਾ ਮਾਹੌਲ ਪੈਦਾ ਹੋ ਰਿਹਾ ਹੈ, ਉਨ੍ਹਾਂ ਜਾਣੂ ਕਰਵਾਇਆ ਸੀ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਜ਼ਿਆਦਾਤਰ ਵਿਦਿਆਰਥੀਆਂ ਦੇ ਘਰੇਲੂ ਆਰਥਿਕ ਹਾਲਾਤ ਬਹੁਤ ਕਮਜ਼ੋਰ ਹਨ ਸੋ ਅਜਿਹੇ ਹਲਾਤਾਂ ਵਿੱਚ ਸਰਟੀਫਿਕੇਟ ਫੀਸ ਲਾਜ਼ਮੀ ਹੋਣ ਤੇ ਅਧਿਆਪਕ ਬਿਨ੍ਹਾਂ ਫੀਸ ਤੋੰ ਪੋਰਟਲ ਉੱਪਰ ਰਜਿਸਟ੍ਰੇਸ਼ਨ ਕਰਨ ਤੋੰ ਅਸਮਰੱਥ ਹਨ। ਇਸ ਕਰਕੇ ਪੋਰਟਲ ਵਿੱਚ ਲੋੜੀਂਦੀ ਸੋਧ ਕੀਤੀ ਜਾਵੇ। ਜਸਵਿੰਦਰ ਸਿੰਘ ਸਿੱਧੂ ਵੱਲੋਂ ਕੀਤੀ ਗਈ ਇਸ ਕੋਸ਼ਿਸ਼ ਸਦਕਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਜ਼ਾਰਾਂ ਹੀ ਬੱਚਿਆਂ ਅਤੇ ਅਧਿਆਪਕਾਂ ਨੂੰ ਹੁਣ ਵੱਡੀ ਰਾਹਤ ਮਿਲ ਗਈ ਹੈ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿੱਧੂ ਨੇ ਆਪਣੇ ਤਜ਼ਰਬੇ ਸਦਕਾ ਇੱਧਰ ਉੱਧਰ ਮੀਟਿੰਗਾਂ ਕਰਨ ਦੀ ਬਜਾਏ ਸਿੱਧਾ ਹੀ ਬੋਰਡ ਦੇ ਸਕੱਤਰ ਨਾਲ ਮੀਟਿੰਗ ਕੀਤੀ, ਜਿਸ ਤਹਿਤ ਅਮਲੀ ਤੌਰ ਤੇ ਇਹ ਮਸਲਾ ਨੇਪੜੇ ਚੜ੍ਹ ਸਕਿਆ। ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਸਵਿੰਦਰ ਸਿੱਧੂ ਨੇ ਹੁਣ ਤੱਕ ਰਾਜ ਭਰ ਦੇ ਮੁਲਾਜ਼ਮਾਂ ਦੇ ਨਾਲ-ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਹਿੱਤਾਂ ਲਈ ਵੀ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ।

ਇਸ ਮੌਕੇ ਤੇ ਉਨ੍ਹਾਂ ਨਾਲ ਜੰਥੇਬੰਦੀ ਦੇ ਸੂਬਾ ਆਗੂ ਰਛਪਾਲ ਸਿੰਘ ਵੜੈਚ, ਸ਼ਿਵ ਕੁਮਾਰ ਰਾਣਾ ਜ਼ਿਲ੍ਹਾ ਪ੍ਰਧਾਨ ਮੁਹਾਲੀ, ਜਗਤਾਰ ਮਨੈਲਾ ਸੂਬਾ ਕਮੇਟੀ ਮੈਂਬਰ, ਗੁਰਿੰਦਰ ਸਿੰਘ ਗੁਰਮ ਜ਼ਿਲ੍ਹਾ ਪ੍ਰਧਾਨ ਸ਼੍ਰੀ ਫਤਿਹਗੜ੍ਹ ਸਾਹਿਬ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਅਵਤਾਰ ਸਿੰਘ ਕਪੂਰਥਲਾ, ਰੁਪਿੰਦਰ ਸਿੰਘ ਟਿਵਾਣਾ, ਗੁਰਚੇਤ ਸਿੰਘ ਸੰਗਰੂਰ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਆਗੂ ਮੌਜੂਦ ਸਨ। ਉੱਧਰ ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ, ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਸਿੰਘ ਭਗਤਾ, ਬਲਰਾਜ ਸਿੰਘ ਘਲੋਟੀ, ਉਂਕਾਰ ਸਿੰਘ ਗੁਰਦਾਸਪੁਰ, ਸਕੱਤਰ ਜਨਰਲ ਬੂਟਾ ਸਿੰਘ ਮੋਗਾ ਨੇ ਇਸ ਉੱਦਮ ਦੀ ਸ਼ਲਾਘਾ ਕੀਤੀ।

 

LEAVE A REPLY

Please enter your comment!
Please enter your name here