ਦਲਜੀਤ ਕੌਰ, ਭਵਾਨੀਗੜ੍ਹ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ 10ਵੀਂ ਦੇ ਨਤੀਜਿਆਂ ਵਿਚੋਂ ਸਥਾਨਕ ਸ਼ਹਿਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਜਸਮੀਤ ਕੌਰ ਨੇ 650 ਅੰਕਾਂ ਵਿਚੋਂ 644 (99.08 ਫੀਸਦੀ) ਅੰਕ ਲੈਂਦਿਆਂ ਪੰਜਾਬ ਵਿਚੋਂ ਚੌਥਾ ਅਤੇ ਜ਼ਿਲ੍ਹਾ ਸੰਗਰੂਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਸ਼ਹਿਰ ਭਵਾਨੀਗੜ੍ਹ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਜਸਮੀਤ ਕੌਰ ਦੀ ਵੱਡੀ ਭੈਣ ਜਸ਼ਨਪ੍ਰੀਤ ਕੌਰ ਨੇ ਵੀ 2020 ਵਿੱਚ ਦਸਵੀਂ ਜਮਾਤ ਵਿੱਚੋਂ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ ਦੇ ਪ੍ਰਿੰਸੀਪਲ ਬਲਜਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਜ਼ਿਲ੍ਹਾ ਸੰਗਰੂਰ ’ਚੋਂ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਜਸਮੀਤ ਕੌਰ ਦੇ ਪਿਤਾ ਗੁਰਦੀਪ ਸਿੰਘ ਵਾਸੀ ਭਵਾਨੀਗੜ੍ਹ ਕੱਪੜੇ ਸਿਲਾਈ ਕਰਨ ਦਾ ਕੰਮ ਕਰਦੇ ਹਨ ਤੇ ਗੁਰਦੀਪ ਸਿੰਘ ਦੀ ਲਾਡਲੀ ਧੀ ਜਸਮੀਤ ਕੌਰ ਪੜ੍ਹਨ ਵਿਚ ਸ਼ੁਰੂ ਤੋਂ ਹੀ ਹੁਸ਼ਿਆਰ ਹੈ, ਜਿਸ ਵੱਲੋਂ ਹੁਣ ਆਪਣੀ ਅਗਲੀ ਉਚ ਪੱਧਰੀ ਸਿੱਖਿਆ ਲਈ 11ਵੀਂ ਜਮਾਤ ਵਿਚ ਮੈਡੀਕਲ ਵਿਸ਼ੇ ਦੀ ਚੋਣ ਕੀਤੀ ਗਈ ਹੈ। ਨਤੀਜੇ ਉਪਰੰਤ ਸਕੂਲ ਦੇ ਅਧਿਆਪਕਾਂ ਨੇ ਕੁੜੀ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਾ ਕੇ ਉਸ ਨੂੰ ਸਨਮਾਨਿਤ ਕਰਦਿਆਂ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਪ੍ਰਿੰਸੀਪਲ ਬਲਜਿੰਦਰ ਸਿੰਘ ਬੋਪਾਰਾਏ ਨੇ ਕਿਹਾ ਕਿ ਇਸ ਬੱਚੀ ਵੱਲੋਂ ਕੀਤੀ ਜਾ ਰਹੀ ਮਿਹਨਤ ਅਤੇ ਸਟਾਫ ਦੀ ਮਿਹਨਤ ਦਾ ਅੱਜ ਸਾਨੂੰ ਫਲ ਮਿਲਿਆ ਹੈ ਕਿ ਇਸ ਬੱਚੀ ਨੇ ਪੰਜਾਬ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਉਹਨਾਂ ਕਿਹਾ ਕਿ ਸਾਨੂੰ ਉਮੀਦ ਸੀ ਕਿ ਇਹ ਬੱਚੀ ਟਾਪ ਕਰੇਗੀ, ਪਰ ਕੁੱਝ ਕਾਰਨਾਂ ਕਰਕੇ ਇਹ ਚੌਥੇ ਸਥਾਨ ਤੇ ਰਹੀ ਹੈ। ਇਸ ਮੌਕੇ ਹਰਵਿੰਦਰ ਪਾਲ ਮੋਤੀ, ਨਰਿੰਦਰ ਸਿੰਘ ਮੰਡੇਰ, ਅਨੀਸ ਕੁਮਾਰ, ਮਨਜੀਤ ਸਿੰਘ, ਹਰਵਿੰਦਰ ਸਿੰਘ ਟੋਨੀ, ਰਸ਼ਮੀ, ਗੀਤਾ ਰਾਣੀ ਅਤੇ ਸੰਦੀਪ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸਨ।