ਚੰਡੀਗੜ੍ਹ/ਜੀਂਦ
ਹਰਿਆਣਾ ਦੇ ਜੀਂਦ ਜ਼ਿਲੇ ‘ਚ ਸਟੇਟ ਵਿਜੀਲੈਂਸ ਟੀਮ ਨੇ ਵੀਰਵਾਰ ਦੇਰ ਰਾਤ ਸਿੱਖਿਆ ਵਿਭਾਗ ਦੇ ਡਾਟਾ ਅਸਿਸਟੈਂਟ ਨੂੰ ਦੋ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਸਨੇ (ਡਾਟਾ ਅਸਿਸਟੈਂਟ) ਇਹ ਰਿਸ਼ਵਤ ਪ੍ਰਾਈਵੇਟ ਸਕੂਲ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਠੀਕ ਕਰਨ ਬਦਲੇ ਮੰਗੀ ਸੀ।
ਜਾਣਕਾਰੀ ਅਨੁਸਾਰ ਰੋਹਤਕ ਦੇ ਭਲੋਟ ਵਾਸੀ ਅਮਰਜੀਤ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਸਮਾਰਟ ਕਿਡਜ਼ ਦੇ ਨਾਂ ‘ਤੇ ਸਕੂਲ ਹੈ। ਕੁਝ ਦਿਨ ਪਹਿਲਾਂ ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫ਼ਸਰ ਦਫ਼ਤਰ ਦੇ ਡਾਟਾ ਅਸਿਸਟੈਂਟ ਘਨਸ਼ਿਆਮ ਨੇ ਸਕੂਲ ਦਾ ਨਿਰੀਖਣ ਕੀਤਾ ਸੀ।
ਇਸ ਵਿੱਚ ਕੁਝ ਕਮੀਆਂ ਸਨ, ਵਿਭਾਗ ਨੇ ਇਸ ਸਬੰਧੀ ਨੋਟਿਸ ਦਿੱਤਾ ਸੀ। ਘਨਸ਼ਿਆਮ ਕਾਗਜ਼ ‘ਤੇ ਠੀਕ ਕਰਨ ਦੇ ਬਦਲੇ ਪੰਜ ਲੱਖ ਦੀ ਮੰਗ ਕਰ ਰਿਹਾ ਸੀ। 2 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਸੀ। ਅਮਰਜੀਤ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਵੀਰਵਾਰ ਦੇਰ ਰਾਤ ਵਿਜੀਲੈਂਸ ਨੇ ਉਸਨੂੰ (ਡਾਟਾ ਅਸਿਸਟੈਂਟ) ਸ਼ਹਿਰ ਦੇ ਬਜ਼ਾਰ ‘ਚੋਂ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਮੁਤਾਬਿਕ, ਉਕਤ ਡਾਟਾ ਅਸਿਸਟੈਂਟ ਖਿਲਾਫ਼ ਕੇਸ ਦਰਜ ਕਰਕੇ, ਕਾਰਵਾਈ ਸ਼ੁਰੂ ਕਰ ਦਿੱਤੀ ਹੈ। –Punjab Kesari