ਚੰਡੀਗੜ੍ਹ:
ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਐਮਡੀ ਆਈਏਐਸ ਜੈਵੀਰ ਆਰੀਆ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਪੰਚਕੂਲਾ ਤੋਂ ਗ੍ਰਿਫ਼ਤਾਰ ਕੀਤਾ ਹੈ। ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਜੈਵੀਰ ਆਰੀਆ ਨੂੰ 3 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
NBT ਦੀ ਰਿਪੋਰਟ ਮੁਤਾਬਿਕ, ਦੋਸ਼ ਹੈ ਕਿ, ਜੈਵੀਰ ਆਰੀਆ ਨੇ 5 ਲੱਖ ਰੁਪਏ ਰਿਸ਼ਵਤ ਮੰਗੀ ਸੀ। ਏਸੀਬੀ ਨੇ ਮੌਕੇ ਤੋਂ 3 ਲੱਖ ਰੁਪਏ ਬਰਾਮਦ ਕੀਤੇ ਹਨ। ਏਸੀਬੀ ਅੱਜ ਜੈਵੀਰ ਆਰੀਆ ਨੂੰ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੀ ਆਈਏਐਸ ਵਿਜੇ ਦਹੀਆ ਨੂੰ ਵੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਦਹੀਆ ‘ਤੇ ਹਰਿਆਣਾ ਸਕਿੱਲ ਕਾਰਪੋਰੇਸ਼ਨ ‘ਚ 50 ਲੱਖ ਰੁਪਏ ਦੇ ਬਿੱਲ ਪਾਸ ਕਰਨ ਦੇ ਬਦਲੇ ਪੈਸੇ ਲੈਣ ਦਾ ਦੋਸ਼ ਹੈ। ਦਹੀਆ ਦੀ ਗ੍ਰਿਫਤਾਰੀ ਛੇ ਮਹੀਨੇ ਪਹਿਲਾਂ ਇੱਕ ਔਰਤ ਦੀ ਗ੍ਰਿਫਤਾਰੀ ਤੋਂ ਬਾਅਦ ਹੋਈ ਹੈ।
ਜੈਵੀਰ ਆਰੀਆ ‘ਤੇ ਇਹ ਦੋਸ਼
ਹਰਿਆਣਾ ਵੇਅਰਹਾਊਸਿੰਗ ਦੀ ਇੱਕ ਮਹਿਲਾ ਡੀਐਮ (ਜ਼ਿਲ੍ਹਾ ਮੈਨੇਜਰ) ਨੂੰ ਨੇੜਲੇ ਜ਼ਿਲ੍ਹੇ ਵਿੱਚ ਤਾਇਨਾਤ ਕਰਨ ਦੇ ਨਾਂ ’ਤੇ 5 ਲੱਖ ਰੁਪਏ ਮੰਗੇ ਗਏ। ਇਹ ਸੌਦਾ 3 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ACB ਕਰਨਾਲ ਦੀ ਟੀਮ ਨੇ ਸਭ ਤੋਂ ਪਹਿਲਾਂ ਇਕ ਵਿਚੋਲੇ ਨੂੰ ਗ੍ਰਿਫਤਾਰ ਕੀਤਾ। ਫਿਰ ਮੁਲਜ਼ਮ ਨੇ ਦੱਸਿਆ ਕਿ ਇਹ ਪੈਸੇ ਹੋਰ ਅਧਿਕਾਰੀਆਂ ਰਾਹੀਂ ਐਮਡੀ ਜੈਵੀਰ ਸਿੰਘ ਆਰੀਆ ਕੋਲ ਜਾਣੇ ਹਨ।
ਦਲਾਲ ਰਾਹੀਂ ਮਹਿਲਾ ਅਧਿਕਾਰੀ ਨੂੰ ਦੂਰ-ਦੁਰਾਡੇ ਦੇ ਜ਼ਿਲ੍ਹਿਆਂ ਵਿੱਚ ਤਬਦੀਲ ਕਰਨ ਦੀ ਧਮਕੀ ਦਿੱਤੀ ਗਈ। ਮਹਿਲਾ ਅਧਿਕਾਰੀ ਦੇ ਪਤੀ ਨੇ ਕਰਨਾਲ ਏਸੀਬੀ ਦੇ ਐਸਪੀ ਰਾਜੇਸ਼ ਫੋਗਾਟ ਨਾਲ ਸੰਪਰਕ ਕੀਤਾ। ਐੱਸਪੀ ਦੇ ਹੁਕਮਾਂ ‘ਤੇ ਇੰਸਪੈਕਟਰ ਸਚਿਨ ਕੁਮਾਰ ਦੀ ਅਗਵਾਈ ‘ਚ ਟੀਮ ਤਿਆਰ ਕੀਤੀ ਗਈ ਅਤੇ ਫਿਰ ਗ੍ਰਿਫਤਾਰੀ ਕੀਤੀ ਗਈ।