ਨਵੀਂ ਦਿੱਲੀ:
ਸੀਬੀਆਈ ਨੇ ਦਿੱਲੀ ਪੁਲੀਸ ਦੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਇੱਕ ਏਐਸਆਈ ਨੂੰ ਜਾਂਚ ਅਧੀਨ ਇੱਕ ਮੁਲਜ਼ਮ ਤੋਂ 7.89 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਏਸੀਪੀ ਦੀ ਭੂਮਿਕਾ ਵੀ ਜਾਂਚ ਅਧੀਨ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਨੇ ਏਐਸਆਈ ਦੁਸ਼ਯੰਤ ਗੌਤਮ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਗੌਤਮ ਨੇ ਇਹ ਰਿਸ਼ਵਤ ਨਾਰਕੋਟਿਕਸ ਕੰਟਰੋਲ ਬਿਊਰੋ ਨਾਲ ਜੁੜੇ ਏਸੀਪੀ ਬ੍ਰਿਜਪਾਲ ਦੇ ਨਿਰਦੇਸ਼ਾਂ ‘ਤੇ ਲਈ ਸੀ।
ਸੀਬੀਆਈ ਨੇ ਦੋਵਾਂ ਖ਼ਿਲਾਫ਼ ਦਰਜ ਐਫਆਈਆਰ ਵਿੱਚ ਦੋਸ਼ ਲਾਇਆ ਹੈ ਕਿ ਬ੍ਰਿਜਪਾਲ ਨੇ ਭਲਸਵਾ ਥਾਣੇ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਐਨਡੀਪੀਐਸ) ਤਹਿਤ ਦਰਜ ਇੱਕ ਕੇਸ ਵਿੱਚ ਮੁਲਜ਼ਮ ਦੀ ਪਤਨੀ ਨੂੰ ਰਾਹਤ ਦੇਣ ਲਈ ਗੌਤਮ ਰਾਹੀਂ 15 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਨ੍ਹਾਂ ਪੁਲੀਸ ਅਧਿਕਾਰੀਆਂ ਖ਼ਿਲਾਫ਼ ਸੀਬੀਆਈ ਕੋਲ ਸ਼ਿਕਾਇਤ ਦਰਜ ਕਰਵਾਈ ਹੈ। CBI ਦੇ ਬੁਲਾਰੇ ਨੇ ਕਿਹਾ, “ਸੀਬੀਆਈ ਨੇ ਜਾਲ ਵਿਛਾ ਕੇ ਏਐਸਆਈ ਨੂੰ ਸ਼ਿਕਾਇਤਕਰਤਾ ਤੋਂ 7.89 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮਾਂ ਦੇ ਦਿੱਲੀ ਅਤੇ ਫਰੀਦਾਬਾਦ ਸਥਿਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਮਾਮਲੇ ਦੀ ਜਾਂਚ ਚੱਲ ਰਹੀ ਹੈ।” NDTV