ਨਵੀਂ ਦਿੱਲੀ –
ਇੱਕ ਆਈਪੀਐੱਸ ਅਧਿਕਾਰੀ ਖ਼ਿਲਾਫ਼ ਮਦਰਾਸ ਹਾਈਕੋਰਟ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) ਪਹੁੰਚ ਗਏ ਹਨ। ਇੱਥੇ ਉਸਨੇ ਅਧਿਕਾਰੀ ਵਿਰੁੱਧ ਅਪਰਾਧਿਕ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ। ਇਹ ਪਟੀਸ਼ਨ ਆਈਪੀਐਲ ਸੱਟੇਬਾਜ਼ੀ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਦਿੱਤੇ ਹੁਕਮਾਂ ਖ਼ਿਲਾਫ਼ ਟਿੱਪਣੀ ਕਰਨ ਦੇ ਸੰਦਰਭ ਵਿੱਚ ਦਾਇਰ ਕੀਤੀ ਗਈ ਹੈ।
ਧੋਨੀ ਨੇ ਇਹ ਮਾਣਹਾਨੀ ਪਟੀਸ਼ਨ ਆਈਪੀਐਲ 2013 ਸਪਾਟ ਫਿਕਸਿੰਗ ਅਤੇ ਸੱਟੇਬਾਜ਼ੀ ਦੀ ਜਾਂਚ ਕਰਨ ਵਾਲੇ ਆਈਪੀਐਸ ਅਧਿਕਾਰੀ ਜੀ ਸੰਪਤ ਕੁਮਾਰ ਵਿਰੁੱਧ ਦਾਇਰ ਕੀਤੀ ਹੈ। ਇਸ ਦੇ ਨਾਲ ਹੀ ਧੋਨੀ ਨੇ ਸੰਪਤ ਕੁਮਾਰ ਤੋਂ ਮੈਚ ਫਿਕਸਿੰਗ ਦੇ ਇਲਜ਼ਾਮ ਲਗਾਉਣ ਲਈ 100 ਕਰੋੜ ਦਾ ਮੁਆਵਜ਼ਾ ਵੀ ਮੰਗਿਆ ਹੈ। ਇਸ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਣੀ ਸੀ, ਪਰ ਹੁਣ ਮੰਗਲਵਾਰ ਨੂੰ ਸੁਣਵਾਈ ਹੋਵੇਗੀ।
ਧੋਨੀ ਨੇ ਸਾਲ 2014 ‘ਚ ਜੀ ਸੰਪਤ ਕੁਮਾਰ ‘ਤੇ ਮਾਣਹਾਨੀ ਦਾ ਦਾਅਵਾ ਕੀਤਾ ਸੀ। ਉਸੇ ਸਾਲ, ਸੁਪਰੀਮ ਕੋਰਟ ਨੇ ਸੰਪਤ ਕੁਮਾਰ ਨੂੰ ਧੋਨੀ ਵਿਰੁੱਧ ਕੋਈ ਟਿੱਪਣੀ ਨਾ ਕਰਨ ਦਾ ਹੁਕਮ ਦਿੱਤਾ ਸੀ। ਹਾਲਾਂਕਿ ਇਸ ਦੇ ਬਾਵਜੂਦ ਸੰਪਤ ਕੁਮਾਰ ਨੇ ਇਸ ਮਾਮਲੇ ‘ਚ ਸੁਪਰੀਮ ਕੋਰਟ ‘ਚ ਹਲਫਨਾਮਾ ਦਾਇਰ ਕੀਤਾ ਹੈ।
ਧੋਨੀ ਦੇ ਪੱਖ ਦਾ ਕਹਿਣਾ ਹੈ ਕਿ ਇਸ ਹਲਫਨਾਮੇ ‘ਚ ਨਿਆਂਪਾਲਿਕਾ ਅਤੇ ਮਦਰਾਸ ਹਾਈ ਕੋਰਟ ਦੇ ਖਿਲਾਫ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਹਨ। ਹੁਣ ਧੋਨੀ ਨੇ ਇਸ ਸਬੰਧੀ ਸੰਪਤ ਕੁਮਾਰ ਖਿਲਾਫ ਅਦਾਲਤ ਦੀ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ।