ਪੰਜਾਬ ਨੈੱਟਵਰਕ, ਚੰਡੀਗੜ੍ਹ
ਬੀਤੀ ਦੇਰ ਸ਼ਾਮ ਕਰਨਾਲ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਪਿੰਡ ਗਗਸੀਨਾ ਤੋਂ ਕਬੱਡੀ ਦਾ ਮੈਚ ਦੇਖ ਕੇ ਆਪਣੇ ਪਿੰਡ ਸ਼ੇਖਪੁਰਾ ਨੂੰ ਪਰਤ ਰਹੇ ਕਿਸਾਨ ਆਗੂ ਬਲਵਾਨ ਸਿੰਘ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ।
ਜਿਸ ਕਾਰਨ ਕਿਸਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਪੋਸਟਮਾਰਟਮ ਹਾਊਸ ‘ਚ ਭੇਜ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਸੁਰਿੰਦਰ ਸਾਗਵਾਨ ਨੇ ਕਿਹਾ ਕਿ ਬਲਵਾਨ ਸਿੰਘ ਦੀ ਮੌਤ ਤੋਂ ਬਾਅਦ ਕਿਸਾਨ ਬਹੁਤ ਦੁਖੀ ਹਨ। ਮ੍ਰਿਤਕ ਕਿਸਾਨ ਨੇ ਕਿਸਾਨ ਅੰਦੋਲਨ ਦੌਰਾਨ ਅਹਿਮ ਭੂਮਿਕਾ ਨਿਭਾਈ। ਉਹ ਕਿਸਾਨਾਂ ਦੀ ਲੜਾਈ ਲੜਨ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਉਹ ਦੇਰ ਰਾਤ ਕਬੱਡੀ ਦਾ ਮੈਚ ਦੇਖ ਕੇ ਵਾਪਸ ਆਪਣੇ ਪਿੰਡ ਆ ਰਿਹਾ ਸੀ ਕਿ ਨਮਸਤੇ ਚੌਕ ਨੇੜੇ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਕੁਚਲ ਦਿੱਤਾ।
ਥਾਣਾ ਸਦਰ ਦੇ ਇੰਚਾਰਜ ਕਮਲਦੀਪ ਰਾਣਾ ਨੇ ਦੱਸਿਆ ਕਿ ਦੇਰ ਸ਼ਾਮ ਬਲਵਾਨ ਸਿੰਘ ਨਾਂ ਦਾ ਕਿਸਾਨ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਨੂੰ ਪਰਤ ਰਿਹਾ ਸੀ। ਨਮਸਤੇ ਚੌਂਕ ਨੇੜੇ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ ਹੈ। ਪੁਲਸ ਨੇ ਮੌਕੇ ਤੋਂ ਵਾਹਨ ਕਬਜ਼ੇ ਵਿੱਚ ਲੈ ਕੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। PK