ਨਵੀਂ ਦਿੱਲੀ –
ਗੁਜਰਾਤ ਦੇ ਮੋਰਬੀ ਪੁਲ ਹਾਦਸੇ ਮਾਮਲੇ ‘ਚ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮੋਰਬੀ ਨਗਰ ਪਾਲਿਕਾ ਦੇ ਮੁੱਖ ਅਫਸਰ ਸੰਦੀਪ ਸਿੰਘ ਜੱਲਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ 30 ਅਕਤੂਬਰ ਨੂੰ ਮੋਰਬੀ ਵਿੱਚ ਕੇਬਲ ਪੁਲ ਡਿੱਗਣ ਦੀ ਘਟਨਾ ਵਾਪਰੀ ਸੀ, ਜਿਸ ਵਿੱਚ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 135 ਹੋ ਗਈ ਹੈ।
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੋਕ ਛੁੱਟੀਆਂ ਮਨਾਉਣ ਅਤੇ ਮਸਤੀ ਕਰਨ ਲਈ ਪੁਲ ‘ਤੇ ਆਏ ਸਨ। ਮੋਰਬੀ ਪੁਲ ਹਾਦਸੇ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਵਿੱਚ ਦੇਖਿਆ ਜਾ ਰਿਹਾ ਸੀ ਕਿ ਕੁਝ ਲੋਕ ਪੁਲ ‘ਤੇ ਚੜ੍ਹੇ ਹੋਏ ਸਨ ਅਤੇ ਦੇਖਦੇ ਹੀ ਦੇਖਦੇ ਪੁਲ ਟੁੱਟ ਗਿਆ ਅਤੇ ਲੋਕ ਹੇਠਾਂ ਨਦੀ ‘ਚ ਜਾ ਡਿੱਗੇ। ਇਸ ਨਦੀ ਵਿੱਚ ਡੁੱਬਣ ਕਾਰਨ 135 ਲੋਕਾਂ ਦੀ ਮੌਤ ਹੋ ਗਈ ਸੀ।
ਗੁਜਰਾਤ ਦੇ ਮੋਰਬੀ ਵਿੱਚ ਪੁਲ ਹਾਦਸੇ ਦੇ ਮਾਮਲੇ ਵਿੱਚ ਪੁਲਿਸ ਕਾਰਵਾਈ ਵਿੱਚ ਜੁਟੀ ਹੋਈ ਹੈ। ਮੋਰਬੀ ਪੁਲ ਹਾਦਸੇ ਤੋਂ ਬਾਅਦ ਵਿਰੋਧੀ ਧਿਰ ਨੇ ਸਰਕਾਰ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ ਅਤੇ ਕਈ ਸਵਾਲ ਖੜ੍ਹੇ ਕੀਤੇ ਸਨ। ਪੁਲੀਸ ਨੇ ਇਸੇ ਮਾਮਲੇ ਸਬੰਧੀ ਕੱਲ੍ਹ ਮੋਰਬੀ ਸ਼ਹਿਰ ਦੀ ਨਗਰ ਨਿਗਮ ਦੇ ਮੁਖੀ ਤੋਂ ਚਾਰ ਘੰਟੇ ਪੁੱਛਗਿੱਛ ਕੀਤੀ ਸੀ।
ਇਸ ਦੌਰਾਨ ਨਗਰ ਨਿਗਮ ਦੇ ਪ੍ਰਧਾਨ ਸੰਦੀਪ ਸਿੰਘ ਜੱਲਾ ਵੱਲੋਂ ਪੁਲ ਦੀ ਮੁਰੰਮਤ ਲਈ ਘੜੀ ਬਣਾਉਣ ਵਾਲੀ ਕੰਪਨੀ ਓਰੇਵਾ ਨਾਲ ਕੀਤੇ ਗਏ ਸਮਝੌਤੇ ਬਾਰੇ ਪੁੱਛਗਿੱਛ ਕੀਤੀ ਗਈ। ਤੁਹਾਨੂੰ ਦੱਸ ਦੇਈਏ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਮੁਰੰਮਤ ਦੇ ਕੰਮ ਲਈ ਰੱਖੇ ਗਏ ਠੇਕੇਦਾਰ ਅਜਿਹੇ ਕੰਮ ਲਈ ਯੋਗ ਨਹੀਂ ਸਨ।