ਨਵੀਂ ਦਿੱਲੀ-
ਇਸ ਸਾਲ ਦੁਸਹਿਰਾ ਦਾ ਤਿਉਹਾਰ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਛੱਤੀਸਗੜ੍ਹ ਵਿੱਚ ਇੱਕ ਵਿਸ਼ਾਲ ਰਾਵਣ ਦਾ ਪੁਤਲਾ ਫੂਕਿਆ ਗਿਆ।
ਸੂਬੇ ਦੇ ਧਮਤਰੀ ਜ਼ਿਲ੍ਹੇ ਵਿੱਚ ਰਾਵਣ ਦਾ ਪੁਤਲਾ ਸਾੜਿਆ ਗਿਆ, ਪਰ ਰਾਵਣ ਦੇ 10 ਸਿਰ ਨਹੀਂ ਸਾੜੇ ਗਏ। ਅਜਿਹਾ ਕਿਉਂ ਹੋਇਆ ਇਸ ਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ। ਇਸ ਲਈ ਸ਼ੁੱਕਰਵਾਰ ਨੂੰ ਰਾਵਣ ਦੇ ਅੱਧੇ ਫੂਕੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
1 ਮੁਲਾਜ਼ਮ ਮੁਅੱਤਲ ਅਤੇ 4 ਨੂੰ ਨੋਟਿਸ
ਦਰਅਸਲ, ਧਮਤਰੀ ‘ਚ ਵੀ ਕਰੋਨਾ ਦੌਰ ਤੋਂ ਬਾਅਦ ਹਜ਼ਾਰਾਂ ਦੀ ਭੀੜ ਨਾਲ ਰਾਵਣ ਦਾ ਪੁਤਲਾ ਫੂਕਿਆ ਗਿਆ। ਚਾਰੇ ਪਾਸੇ ਭਗਵਾਨ ਰਾਮ ਦੇ ਜੈਕਾਰੇ ਲੱਗੇ ਪਰ ਪ੍ਰੋਗਰਾਮ ‘ਚ ਮੌਜੂਦ ਅਧਿਕਾਰੀਆਂ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਰਾਵਣ ਦੇ ਪੁਤਲੇ ਨੂੰ ਪੈਰਾਂ ਤੋਂ ਲੈ ਕੇ ਗਰਦਨ ਤੱਕ ਸਾੜਿਆ ਗਿਆ, ਪਰ ਰਾਵਣ ਦਾ ਸਿਰ ਨਹੀਂ ਸੜਿਆ|
ਇਸ ਸਬੰਧੀ ਮੌਜੂਦ ਭੀੜ ਨੇ ਅਧਿਕਾਰੀਆਂ ਦਾ ਮਜ਼ਾਕ ਉਡਾਇਆ। ਇਸ ਦਾ ਖਮਿਆਜ਼ਾ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਭੁਗਤਣਾ ਪਿਆ। ਨਗਰ ਨਿਗਮ ਕਮਿਸ਼ਨਰ ਨੇ ਰਾਜਿੰਦਰ ਯਾਦਵ ਨੂੰ ਪੁਤਲਾ ਫੂਕਣ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਅਤੇ ਚਾਰ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।