Motivational Article: ਐਦਾਂ ਵੀ ਹੁੰਦੀ ਏ ਜਿੰਦਗੀ ਜਿੰਦਾਬਾਦ

397

 

ਹਿੰਦੀ ਸਿਨੇਮਾ ਦੀ ‘ਕਲਟ ਮੂਵੀਜ਼ ਲਿਸਟ’ ‘ਚ ਸ਼ਾਮਲ 2003 ਵਿੱਚ ਰੀਲੀਜ ਫ਼ਿਲਮ ‘ਮੁੰਨਾ ਭਾਈ ਐਬੀਬੀਐਸ’ ਵਿੱਚ ਸੰਜੈ ਦੱਤ ਅਤੇ ਜਿਮੀ ਸ਼ੇਰਗਿਲ ਦਾ ਇੱਕ ਬਹੁਤ ਹੀ ਭਾਵੁਕ ਦ੍ਰਿਸ਼ ਹੈ। ਇਸ ਦ੍ਰਿਸ਼ ਵਿੱਚ ਕੈਂਸਰ ਨਾਲ ਜੂਝ ਰਿਹਾ ਜਹੀਰ (ਜਿਮੀ ਸ਼ੇਰਗਿੱਲ) ਮੌਤ ਦੇ ਮੂੰਹ ਤੇ ਖੜਾ ਹੈ। ਉਹ ਬਹੁਤ ਹੀ ਭਾਵਪੂਰਣਤਾ ਨਾਲ ਮੁੰਨਾ ਭਾਈ (ਸੰਜੈ ਦੱਤ) ਨੂੰ ਕਹਿੰਦਾ ਹੈ, “ਪਲੀਜ਼ ਬਚਾ ਲੇ ਨ ਯਾਰ।”

ਤੁਸੀਂ ਫਿਲਮ ਵੇਖੀ ਹੋਵੋਗੀ ਤਾਂ ਯਕੀਨਨ ਇਹ ਸੀਨ ਅਤੇ ਇਹ ਡਾਇਲਾਗ ਤੁਹਾਨੂੰ ਯਾਦ ਆ ਗਿਆ ਹੋਵੇਗਾ। ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਅਮਨ ਜੀ ਨੂੰ ਕੀ ਸੁੱਝੀ ਜੋ ਕੰਘੀ ਪਾਮ ਦੀਆਂ ਤਸਵੀਰਾਂ ਪਾਕੇ ਮੁੰਨਾ ਭਾਈ ਦੀ ਗੱਲ ਲੈ ਕੇ ਬੈਠ ਗਏ। ਓਜੀ ਦੱਸਦੇ ਹਾਂ ਦੱਸਦੇ ਹਾਂ, ਥੋੜ੍ਹਾ ਧੀਰਜ ਤਾਂ ਧਰੋ।

ਹੋਇਆ ਇਵੇਂ ਕਿ ਪਿਛਲੇ ਸਾਲ ਸ਼ਹਿਰ ਦੇ ਇੱਕ ਬਹੁਤ ਹੀ ਵਧੀਆ ਸਕੂਲ ਦੇ ਬਹੁਤ ਹੀ ਸੋਹਣੇ ਅਤੇ ਸੰਪੰਨ ਬਗ਼ੀਚੇ ਵਿੱਚ ਜਾਣ ਦਾ ਮੌਕਾ ਮਿਲਿਆ। ਦਰਅਸਲ ਸਕੂਲ ਵਿੱਚ ਵਿਸਾਖੀ ਦੇ ਮੌਕੇ ਤੇ ਬੂਟੇ ਲਗਾਉਣ ਦਾ ਪ੍ਰੋਗਰਾਮ ਸੀ। ਬੂਟੇ ਲਗਾਉਣ ਅਤੇ ਬੂਟੇ ਵੰਡਣ ਤੋਂ ਬਾਅਦ ਰੋਟਰੀ ਕਲੱਬ ਦੇ ਪ੍ਰਧਾਨ ਅਤੇ ਸਕੂਲ ਦੇ ਪ੍ਰਬੰਧਕੀ ਅਫ਼ਸਰ ਮਾਣਯੋਗ ਸ੍ਰੀ ਜਤਿੰਦਰ ਪਾਲ ਜੀ ਦੇ ਨਾਲ ਸਕੂਲ ਦੇ ਬਗੀਚੇ ਦੀ ਫੇਰੀ ਪਾਉਣ ਲੱਗੇ। ਸਿਲਵਰ ਓਕ ਦੇ ਵੱਡੇ ਵੱਡੇ ਰੁੱਖਾਂ ਨਾਲ ਭਰੀ ਇੱਕ ਕਿਆਰੀ ਦੇ ਕੋਲੋਂ ਲੰਘਦੇ ਸਮੇਂ ਮੇਰੇ ਕਦਮ ਅਚਾਨਕ ਰੁਕ ਗਏ।

ਕਿਆਰੀ ਵਿੱਚ ਹੀ ਲੱਗੇ ਸੁੱਕੇ ਪੱਤਿਆਂ ਦੇ ਢੇਰ ਵਿੱਚੋਂ ਕਿਸੇ ਨੇ ਮੈਨੂੰ ਅਵਾਜ਼ ਮਾਰੀ ਸੀ। ਮੇਰੇ ਅੰਤਰਮਨ ਦੇ ਕੰਨਾਂ ਨੇ ਉਹ ਅਵਾਜ ਸਾਫ਼-ਸਾਫ਼ ਸੁਣੀ। “ਬਚਾ ਲੈ ਨਾ ਯਾਰ!” ਹਾਂ! ਇਹੀ ਸ਼ਬਦ ਸਨ ਜੋ ਮੇਰੀ ਆਤਮਾ ਦੇ ਆਖ਼ਿਰੀ ਕੋਨੇ ਤੱਕ ਪਹੁੰਚੇ ਸਨ। ਮੈਂ ਤੁਰੰਤ ਮੁੜਿਆ ਅਤੇ ਸੁੱਕੇ ਪੱਤਿਆਂ ਦੇ ਢੇਰ ਵਿੱਚ ਹੱਥ ਪਾ ਦਿੱਤਾ। ਇਸ ਤੋਂ ਪਹਿਲਾਂ ਕਿ ਮੇਰੇ ਨਾਲ ਚੱਲ ਰਿਹਾ ਪਿਆਰਾ ਮਿੱਤਰ Harjot Tiwana ਕੁੱਝ ਕਹਿੰਦਾ ਮੇਰੇ ਹੱਥ ਵਿੱਚ ਕੰਘੀ ਪਾਮ ਇੱਕ ਵੱਡਾ ਬਲਬ ਉਲਟਾ ਲਟਕ ਰਿਹਾ ਸੀ।

ਠੀਕ ਉਵੇਂ ਹੀ ਜਿਵੇਂ ਜਨਮ ਦੇ ਤੁਰੰਤ ਬਾਅਦ ਡਾਕਟਰ ਬੱਚੇ ਨੂੰ ਪੈਰਾਂ ਵਲੋਂ ਫੜ ਕਰ ਉਲਟਾ ਲਟਕਾ ਦਿੰਦੇ ਹਨ। ਮੇਰੇ ਹੱਥ ਵਿੱਚ ਉਸ ਦੀਆਂ ਅੱਧ-ਪਣਪੀਆਂ ਜੜ੍ਹਾਂ ਸਨ, ਜਿਨ੍ਹਾਂ ਨੂੰ ਖੁਸ਼ਕ ਗਰਮ ਮੌਸਮ ਨੇ ਝੁਲ਼ਸਾ ਜਿਹਾ ਦਿੱਤਾ ਸੀ। ਟਿਵਾਣਾ ਜੀ ਦੀ ਬੋਲੇਰੋ ਹੁਣ ਮੈਨੂੰ ਐਂਬੂਲੈਂਸ ਪ੍ਰਤੀਤ ਹੋ ਰਹੀ ਸੀ। ਵੱਡੇ ਭਰਾ Jatinder Paul ਜੀ ਤੋਂ ਆਗਿਆ ਲੈ ਕੇ ਕੰਘੀ ਪਾਮ ਦੇ ਇਸ ਮੂਰਛਿਤ ਬਲੱਬ ਨੂੰ ਐਂਬੂਲੈਂਸ ਵਿੱਚ ਸਵਾਰ ਕੀਤਾ।

ਘਰ ਆਕੇ ਸ਼ੁਰੂਆਤੀ ਟ੍ਰੀਟਮੈਂਟ ਸ਼ੁਰੂ ਕੀਤਾ। ਬਲੱਬ ਵਿੱਚ ਆਈਆਂ ਨਾਂ-ਮਾਤਰ ਪੱਤੀਆਂ ਨੂੰ ਬਾਹਰ ਰੱਖਕੇ ਬਾਕੀ ਪੂਰੇ ਬਲੱਬ ਨੂੰ ਪਾਣੀ ਵਿੱਚ ਭਿਓ ਦਿੱਤਾ। ਅਗਲੀ ਸਵੇਰ ਤੱਕ ਇਸ ਵਿੱਚ ਇੰਨੀ ਨਮੀ ਆ ਚੁੱਕੀ ਸੀ ਕਿ ‘ਪਲਾਂਟਿੰਗ ਆਪ੍ਰੇਸ਼ਨ’ ਨੂੰ ਅੰਜਾਮ ਦਿੱਤਾ ਜਾ ਸਕੇ। ਛੋਟੇ ਡਾਕਟਰ ਯਾਨੀ ਆਪਣੇ ਮਾਲੀ ਸ਼ਿੰਗਾ ਰਾਮ ਨੂੰ ਮੈਂ ਸਵੇਰੇ ਜਲਦੀ ਆਉਣ ਨੂੰ ਕਹਿ ਦਿੱਤਾ ਸੀ। ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਉਹ ਛੋਟਾ ਤਾਂ ਵੱਡਾ ਡਾਕਟਰ ਕੌਣ? ਓ ਹਜ਼ੂਰ, ਵੱਡਾ ਡਾਕਟਰ ਮੈਂ। ਪਰ ਸੱਜੇ ਗੋਡੇ ਦੀ ‘ਇੰਜਰੀ’ ਕਾਰਨ ਬੈਠਣਾ ਮੁਹਾਲ ਹੈ। ਇਸ ਲਈ ਜ਼ਮੀਨ ਵਿੱਚ ਕੀਤੇ ਜਾਣ ਵਾਲੇ ‘ਪਲਾਂਟਿੰਗ ਆਪ੍ਰੇਸ਼ਨ’ ਆਪਣੀ ਨਿਗਰਾਨੀ ਵਿੱਚ ਛੋਟੇ ਡਾਕਟਰ ਤੋਂ ਹੀ ਕਰਵਾਉਂਦਾ ਹਾਂ।

ਬਹੁਤ ਧਿਆਨ ਅਤੇ ਇਤਮੀਨਾਨ ਦੇ ਨਾਲ ‘ਪਲਾਟਿੰਗ ਆਪ੍ਰੇਸ਼ਨ’ ਨੂੰ ਅੰਜਾਮ ਦਿੱਤਾ। ਉਮੀਦ ਹੀ ਨਹੀਂ ਬਲਕਿ ਯਕੀਨ ਸੀ ਕਿ ਇਹ ਸਫ਼ਲ ਆਪ੍ਰੇਸ਼ਨ ਸਾਬਤ ਹੋਵੇਗਾ ਅਤੇ ਕੰਘੀ ਪਾਮ ਦਾ ਬੂਟਾ ਮੇਰੇ ਬਗ਼ੀਚੇ ਦੀ ਰੌਣਕ ਵਧਾਏਗਾ। ਇਸਨੂੰ ਸਾਗੋ ਪਾਮ ਵੀ ਕਹਿੰਦੇ ਹਨ।

ਰਿਸਰਚਸ ਦੱਸਦੀਆਂ ਹਨ ਕਿ ਸਾਗੋ ਪਾਮ ਯਾਨੀ cycas revoluta ਔਸ਼ਧੀ ਗੁਣਾਂ ਨਾਲ ਭਰਪੂਰ ਹੈ। ਇਸਦੇ ਤਨੇ ਵਿਚੋਂ ਨਿਕਲਣ ਵਾਲੇ ਸਟਾਰਚ ਵਿੱਚ ਦਿਲ ਦੀਆਂ ਬੀਮਾਰੀਆਂ ਅਤੇ ਕੈਂਸਰ ਨਾਲ ਲੜਨ ਵਾਲੇ ਗੁਣਾਂ ਦੀ ਬਹੁਤਾਤ ਹੈ। ਕੁੱਝ ਦੇਸ਼ਾਂ ਵਿੱਚ ਇਹ ਰੋਜ਼ਮਰਾ ਦੇ ਭੋਜਨ ਵਿੱਚ ਸ਼ਾਮਿਲ ਹੈ। ਇਹ ਐਂਟੀਆਕਸੀਡੈਂਟਸ ਦਾ ਖਜ਼ਾਨਾ ਹੈ।

ਕੁੱਝ ਰਿਸਰਚਸ ਇਸਨੂੰ poisonous ਯਾਨੀ ਜ਼ਹਿਰੀਲਾ ਦੱਸਦੀਆਂ ਹਨ। ਇਸਦੇ ਪੱਤੇ ਜਾਂ ਬੀਜ ਖਾਣ ਨਾਲ ਮੌਤ ਤੱਕ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ। ਇੱਥੇ ਇਹ ਬੂਟਾ ਮੈਨੂੰ ਬਿਲਕੁਲ ਮੇਰੇ ਵਰਗਾ ਲੱਗਾ। ਕੁੱਝ ਲੋਕਾਂ ਲਈ ਮੈਂ ਵੀ ਦਿਲੋ-ਦਿਮਾਗ ਦੇ ਮਰਜ਼ਾਂ ਦੀ ਦਵਾਈ ਹਾਂ ਤਾਂ ਕੁੱਝ ਕਹਿੰਦੇ ਹਨ ਕਿ ਮੈਂ ਅਤਿਅੰਤ ਜ਼ਹਿਰੀਲਾ ਹਾਂ।

ਦਰਅਸਲ ‘ਜਿਸਨੇ ਜਿਹੋ ਜਿਹੀ ਭਾਜੀ ਸਾਨੂੰ ਪਾਈ, ਉਹੋ ਜਿਹੀ ਉਸਨੂੰ ਆਪਾਂ ਘੁੱਟੀ ਪਿਲਾਈ’ ਵਾਲਾ ਮਾਮਲਾ ਹੈ। ਸਾਗੋ ਪਾਮ ਦੇ ਬੂਟੇ ਦੀ ਤਰ੍ਹਾਂ ਮੇਰੇ ਗੁਣ ਅਤੇ ਮੇਰਾ ਜ਼ਹਿਰ ਦੋਵੇਂ ਮੇਰੇ ਨਾਲ ਹਨ। ਵੈਸੇ ਮੇਰਾ ਮੰਨਣਾ ਹੈ ਕਿ ਹਰ ਚੰਗੇ ਅਤੇ ਗੁਣੀ ਇਨਸਾਨ ਨੂੰ ਥੋੜ੍ਹਾ ਜ਼ਹਿਰੀਲਾ ਹੋਣਾ ਹੀ ਚਾਹੀਦਾ ਹੈ, ਨਹੀਂ ਤਾਂ ਰਾਹ ਚੱਲਦੇ ਲੋਕ ਤੁਹਾਡੀ ਇੱਜ਼ਤ ਦੀਆਂ ਪੱਤੀਆਂ ਨੋਚ ਲੈਂਦੇ ਹਨ।

ਖ਼ੈਰ ਗੱਲ ਕਰ ਰਹੇ ਸੀ ‘ਜੀਵਾ’ ਦੀ। ਹਾਂ ਜੀ, ਇਸਦੀ ਜਿਉਂਦਾ ਰਹਿਣ ਦੀ ਪ੍ਰਬਲ ਇੱਛਾ ਦੇ ਕਾਰਨ ਮੈਂ ਇਸਦਾ ਨਾਮ ‘ਜੀਵਾ’ ਰੱਖਿਆ ਹੈ। ਅੱਜ ਸਵੇਰੇ ਆਪਣੇ ਬਗ਼ੀਚੇ ਨੂੰ ਪਾਣੀ ਦੇਣ ਤੋਂ ਬਾਅਦ ਜੀਵੇ ਕੋਲੋਂ ਲੰਘਿਆ। ਅਵਾਜ਼ ਆਈ “ਸੋਹਣਾ ਲੱਗ ਰਿਹਾ ਹਾਂ ਨਾ? ”

ਮਹਿਸੂਸ ਕੀਤਾ ਤਾਂ ਪਤਾ ਲੱਗਾ ਕਿ ਪਾਣੀ ਨਾਲ ਨਹਾਉਣ ਤੋਂ ਬਾਅਦ ਜੀਵਾ ਜੀ ਮਹਾਰਾਜ ਆਪਣੀ ਸੁੰਦਰਤਾ ਉੱਤੇ ਨਾਜ਼ ਕਰਦੇ ਹੋਏ ਮੇਰੇ ਨਾਲ ਮੁਖ਼ਾਤਿਬ ਹੋ ਰਹੇ ਹਨ।

ਮੈਂ ਕਿਹਾ “ਹਜ਼ੂਰ, ਕੀ ਕਹਿਣੇ ਤੁਹਾਡੇ! ਪਰ ਸੋਹਣੇ ਤੁਸੀਂ ਇਕੱਲੇ ਨਹੀਂ ਹੋ। ਬਗ਼ੀਚੇ ਵਿੱਚ ਮੌਜੂਦ ਸਾਰੇ ਹੀ ਦੋ-ਚਾਰ ਸੌ ਰੁੱਖ-ਬੂਟੇ ਸੋਹਣੇ ਹਨ!” ਅੱਗੋਂ ਜੀਵਾ ਲੱਗਭੱਗ ਆਕੜਦੇ ਹੋਏ ਨਰਾਜ਼ਗੀ ਭਰੇ ਲਹਿਜ਼ੇ ਵਿੱਚ ਬੋਲਿਆ ‘ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ। ਕਿੱਥੇ ਮੈਂ ਤੇ ਕਿੱਥੇ ਉਹ। ਉਨ੍ਹਾਂ ਸਾਰਿਆ ਨੂੰ ਤੂੰ ਜਾਂ ਤਾਂ ਖ਼ਰੀਦਿਆ ਹੈ, ਜਾਂ ਤੋਹਫ਼ੇ ਵਿੱਚ ਲਿਆ ਹੈ ਜਾਂ ਫਿਰ ਪੌਦੇ ਆਦਾਨ-ਪ੍ਰਦਾਨ ਕਰਨ ਦੀ ਆਪਣੀ ਨੀਤੀ ਦੇ ਤਹਿਤ ਪ੍ਰਾਪਤ ਕੀਤਾ ਹੈ। ਪਰ ਮੈਨੂੰ ਤੂੰ ਬਚਾਇਆ ਹੈ।

ਮੈਂ ਤੇਰੀ ਕਰੁਣਾ ਅਤੇ ਪੁਰਉਪਕਾਰ ਦਾ ਪ੍ਰਤੀਕ ਹਾਂ। ਜੇਕਰ ਕੋਈ ਤੇਰਾ ਬਹੁਤ ਪਿਆਰੇ ਤੇਰੇ ਕੋਲੋਂ ਮੇਰੀ ਮੰਗ ਕਰੇ ਜਾਂ ਕੋਈ ਤੈਨੂੰ ਮੇਰੀ ਮੂੰਹ ਮੰਗੀ ਕੀਮਤ ਦੇਵੇ ਤਾਂ ਵੀ ਕੀ ਤੂੰ ਮੈਨੂੰ ਤਿਆਗ ਸਕਦਾ ਹੈਂ? ਨਹੀਂ ਨਾ! ਤਾਂ ਮੈਂ ਤੇਰੇ ਬਗ਼ੀਚੇ ਵਿੱਚ ਸਭ ਤੋਂ ਵੱਖਰਾ ਅਤੇ ਸਭ ਤੋਂ ਸੋਹਣਾ ਹੋਇਆ ਕਿ ਨਹੀਂ? ਬਾਕੀ ਸਭ ਰੁੱਖ-ਬੂਟੇ ਹਨ, ਮੈਂ ਤੇਰਾ ਮੁਤਬੰਨਾ ਪੁੱਤ ਹਾਂ। ਤੇਰਾ ਮਿੱਤਰ ਹਾਂ। ਸੋ ਉਨ੍ਹਾਂ ਨਾਲ ਮੇਰਾ ਮੁਕਾਬਲਾ ਨਾ ਕਰ।”

ਭਾਵ-ਵਿਭੋਰ ਮੁਦਰਾ ‘ਚ ਜੀਵਾ ਦੀਆਂ ਲਾਜਵਾਬ ਗੱਲਾਂ ਸੁਣਨ ਤੋਂ ਬਾਅਦ ਮੈਂ ਬੋਲਿਆ, “ਜੇਕਰ ਆਗਿਆ ਹੋਵੇ ਤਾਂ ਮੈਂ ਕੁੱਝ ਅਰਜ਼ ਕਰਾਂ?”

“ਹਾਂ ਕਰੋ”

“ਜਨਾਬ ਤੁਹਾਡੀ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਤੁਸੀਂ ਬਾਕੀਆਂ ਵਰਗੇ ਨਹੀਂ, ਲੇਕਿਨ ਤੁਹਾਡੇ ਵਰਗਾ ਇੱਕ ਹੋਰ ਹੈ”

“ਕੌਣ-ਕੌਣ?”

“ਉਹ ਤੂੰ ਜਲਦੀ ਹੀ ਮੇਰੀ ਫੇਸਬੁਕ ਉੱਤੇ ਪੜ ਲਈਂ।
ਤਦ ਤੱਕ ਨਹਾਉਂਦਾ ਰਹਿ, ਨਖ਼ਰਾਉਂਦਾ ਰਹਿ। ਲੁਤਫ਼ ਲੈ ਜ਼ਿੰਦਗੀ ਦਾ। ਮਿਲਦੇ ਹਾਂ….”

ਕੁਦਰਤ ਜ਼ਿੰਦਾਬਾਦ
ਜ਼ਿੰਦਗੀ ਜ਼ਿੰਦਾਬਾਦ
ਕਰੁਣਾ ਜ਼ਿੰਦਾਬਾਦ
ਮਨੁੱਖਤਾ ਜ਼ਿੰਦਾਬਾਦ

 

ਅਮਨ ਅਰੋੜਾ
8146299331

LEAVE A REPLY

Please enter your comment!
Please enter your name here