Punjab News: ਕਿਸਾਨਾਂ ਵਲੋਂ CM ਮਾਨ ਦੀ ਰਿਹਾਇਸ਼ ਵੱਲ ਮਾਰਚ ਕਰਨ ਦਾ ਐਲਾਨ

122

 

  • ਭਾਕਿਯੂ ਡਕੌਂਦਾ ਵੱਲੋਂ 6 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵੱਲ ਮਾਰਚ ਦੀਆਂ ਤਿਆਰੀਆਂ ਜ਼ੋਰਾਂ ਤੇ
  • ਫਸਲਾਂ, ਸਬਜ਼ੀਆਂ, ਹਰਾ ਚਾਰਾ, ਬਾਗ, ਮੂੰਗੀ, ਸਰੋਂ ਦੀ ਫ਼ਸਲ ਬਰਬਾਦ ਹੋਣ ਨਾਲ ਕਿਸਾਨੀ ਦਾ ਸੰਕਟ ਹੋਰ ਗਹਿਰਾ: ਸੁਖਦੇਵ ਸਿੰਘ ਘਰਾਚੋਂ, ਰਣਧੀਰ ਸਿੰਘ ਭੱਟੀਵਾਲ

ਦਲਜੀਤ ਕੌਰ, ਭਵਾਨੀਗੜ੍ਹ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਭਵਾਨੀਗੜ੍ਹ ਵੱਲੋਂ ਬੇਮੌਸਮੀ ਬਰਸਾਤ ਕਾਰਨ ਖ਼ਰਾਬ ਹੋਈਆਂ ਫਸਲਾਂ, ਸਬਜ਼ੀਆਂ, ਹਰਾ ਚਾਰਾ, ਬਾਗ, ਮੂੰਗੀ, ਸਰੋਂ ਦੀ ਫ਼ਸਲ ਦੇ ਮੁਆਵਜ਼ੇ ਲਈ 6 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵੱਲ ਮਾਰਚ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਬਲਾਕ ਕਮੇਟੀ ਭਵਾਨੀਗੜ੍ਹ ਦੀ ਅਗਵਾਈ ਵਿੱਚ ਸੁਖਦੇਵ ਸਿੰਘ ਘਰਾਚੋਂ, ਰਣਧੀਰ ਸਿੰਘ ਭੱਟੀਵਾਲ, ਭਰਪੂਰ ਸਿੰਘ ਮਾਝੀ ਦੀ ਅਗਵਾਈ ਹੇਠ ਭਵਾਨੀਗੜ੍ਹ ਬਲਾਕ ਦੇ ਪਿੰਡਾਂ ਘਰਾਚੋਂ, ਨਾਗਰਾ, ਸੰਘਰੇੜੀ, ਬਟਰਿਆਣਾ, ਕਪਿਆਲ, ਭੱਟੀਵਾਲ ਖੁਰਦ, ਭੱਟੀਵਾਲ ਕਲਾਂ, ਫਤਿਹਗੜ੍ਹ ਛੰਨਾਂ, ਫੁੰਮਣ ਸਿੰਘ ਵਾਲਾ, ਮੱਟਰਾਂ, ਨਦਾਮਪੁਰ, ਭੜੋ, ਚੰਨੋਂ, ਧਾਰੋਕੀ, ਬੀਂਬੜ, ਬੀਂਬੜੀ, ਮਾਝਾ, ਮਾਝੀ, ਤੁਰੀ, ਨਟਕੇ ਅਤੇ ਬਾਲਦ ਕਲਾਂ ਆਦਿ ਪਿੰਡਾਂ ਵਿੱਚ ਲਾਮਬੰਦੀ ਕੀਤੀ ਗਈ।

ਇਸ ਦੌਰਾਨ ਆਗੂਆਂ ਮੰਗ ਕੀਤੀ ਕਿ ਪੰਜਾਬ ਵਿੱਚ ਪਿਛਲੇ ਦਿਨੀੰ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਨਾਲ 50% ਤੋਂ ਵੱਧ ਬਰਬਾਦ ਹੋਈ ਫ਼ਸਲ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਏਕੜ ਨੂੰ ਆਧਾਰ ਮੰਨ ਕੇ ਤੁਰੰਤ ਅਦਾ ਕਰਨ, 33% ਖਰਾਬੇ ਦੀ ਸ਼ਰਤ ਖ਼ਤਮ ਕਰਕੇ 50% ਤੋਂ ਥੱਲੇ ਹੋਏ ਖ਼ਰਾਬੇ ਲਈ 25 ਹਜਾਰ ਪ੍ਰਤੀ ਏਕੜ ਅਤੇ ਬਾਗਾਂ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ।

ਆਗੂਆਂ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਫ਼ਸਲ ਅਤੇ ਮੂੰਗੀ ਦੀ ਫ਼ਸਲ ਦਾ ਵਪਾਰੀਆਂ ਵੱਲੋਂ ਮਚਾਈ ਅੰਨ੍ਹੀ ਲੁੱਟ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਹਾਲੇ ਤੱਕ ਵੀ ਅਦਾ ਨਹੀਂ ਕੀਤਾ ਗਿਆ। ਇਸ ਕਰਕੇ ਖ਼ਰਾਬੇ ਦਾ ਉਕਤ ਅਨੁਸਾਰ ਕਿਸਾਨਾਂ ਨੂੰ ਬਿਨਾਂ ਦੇਰੀ ਤੋਂ ਮੁਆਵਜ਼ਾ ਦਵਾਉਣ ਅਤੇ ਸਰਕਾਰ ਦੇ ਲਾਰੇ ਲੱਪਿਆਂ ਖਿਲਾਫ਼ ਜਥੇਬੰਦੀ ਵਲੋਂ 6 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਹੈ।

ਆਗੂਆਂ ਜਵਾਲਾ ਸਿੰਘ, ਜ਼ੋਰਾ ਸਿੰਘ ਮਾਝੀ, ਹਰਦੀਪ ਸਿੰਘ ਨਟਕ ਨੇ ਕਿਹਾ ਕਿ ਮੀਂਹ, ਗੜਿਆਂ ਕਾਰਨ ਫ਼ਸਲਾਂ ਦੀ ਬਰਬਾਦੀ ਸਾਮਰਾਜੀ ਖੇਤੀ ਮਾਡਲ ਦਾ ਸਿੱਟਾ ਹੈ। ਇਸ ਮਾਡਲ ਨੇ ਧਰਤੀ,ਪਾਣੀ ਅਤੇ ਹਵਾ ਇਸ ਕਦਰ ਪ੍ਰਦੂਸ਼ਿਤ ਕਰ ਦਿੱਤਾ ਹੈ ਕਿ ਜ਼ਹਿਰੀਲਾ ਵਾਤਾਵਰਣ ਮਨੁੱਖ ਦੇ ਰਹਿਣ ਯੋਗ ਵੀ ਨਹੀਂ ਰਿਹਾ।

ਪੰਜਾਬ ਕੈਂਸਰ, ਕਾਲਾ ਪੀਲੀਆ, ਬਲੱਡ ਪਰੈਸ਼ਰ, ਸ਼ੂਗਰ ਆਦਿ ਬਿਮਾਰੀਆਂ ਦਾ ਘਰ ਬਣਾ ਦਿੱਤਾ ਹੈ। ਇਸ ਲਈ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਦੌਰਾਨ ਫਸਲਾਂ ਦੇ ਖ਼ਰਾਬੇ ਦੇ ਮੁਆਵਜ਼ੇ ਦੇ ਨਾਲ ਕੁਦਰਤ, ਸਮਾਜ, ਕਿਸਾਨ ਅਤੇ ਲੋਕ ਪੱਖੀ ਖੇਤੀ ਬਾੜੀ ਮਾਡਲ ਵੱਲ ਵਧਣ ਦੀ ਮੰਗ ਵੀ ਉਭਾਰੀ ਜਾਵੇਗੀ। ਆਗੂਆਂ ਨੇ ਕਿਸਾਨਾਂ ਨੂੰ 6 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਕਾਫ਼ਲੇ ਬੰਨ੍ਹ ਕੇ ਪੁੱਜਣ ਦੀ ਅਪੀਲ ਕੀਤੀ।

 

LEAVE A REPLY

Please enter your comment!
Please enter your name here