ਅੰਮ੍ਰਿਤਸਰ
ਪੰਜਾਬ ਦੇ ਅੰਦਰ ਨਿੱਤ ਦਿਨ ਵਾਪਰ ਰਹੀਆਂ ਵਾਰਦਾਤਾਂ ਦੇ ਕਾਰਨ ਜਿਥੇ ਕਾਨੂੰਨ ਵਿਵਸਥਾ ਦੇ ਸਵਾਲ ਉਠ ਰਹੇ ਹਨ, ਉਥੇ ਹੀ ਇਨ੍ਹਾਂ ਵਾਰਦਾਤਾਂ ਕਾਰਨ ਲੋਕ ਵੀ ਸਹਿਮੇ ਪਏ ਹਨ।
ਤਾਜ਼ਾ ਜਾਣਕਾਰੀ ਦੇ ਮੁਤਾਬਿਕ, ਅਮ੍ਰਿਤਸਰ ਦੇ ਅਧੀਨ ਪੈਂਦੇ ਥਾਣਾ ਘਰਿੰਡਾ ਦੇ ਪਿੰਡ ਬਾਸਰਕੇ ਵਿੱਚ ਇੱਕ ਨੌਜਵਾਨ ਦਾ ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ। ਦੂਜੇ ਪਾਸੇ ਪੁਲਿਸ ਦੇ ਵਲੋਂ ਇਸ ਮਾਮਲੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਪੜ੍ਹਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਗਰਣ ਦੀ ਖ਼ਬਰ ਦੇ ਮੁਤਾਬਿਕ, ਗੁਰਪ੍ਰੀਤ ਸਿੰਘ ਗੋਪੀ ਦਾ ਵਿਆਹ ਪੰਜ ਸਾਲ ਪਹਿਲਾਂ ਹੋਇਆ ਸੀ।
ਪਤਨੀ ਕੈਨੇਡਾ ‘ਚ ਹੈ ਤੇ ਉਹ ਆਪਣੀ ਚਾਰ ਸਾਲਦੀ ਧੀ ਨਾਲ ਇੱਥੇ ਭਾਰਤ ਵਿੱਚ ਰਹਿ ਰਿਹਾ ਹੈ। ਲਗਪਗ 20 ਦਿਨਾਂ ਬਾਅਦ ਉਸ ਨੇ ਆਪਣੀ ਮਾਸੂਮ ਧੀ ਨਾਲ ਪਤਨੀ ਕੋਲ ਕੈਨੇਡਾ ਪਹੁੰਚ ਜਾਣਾ ਸੀ।
ਸ਼ੁੱਕਰਵਾਰ ਰਾਤ ਕੁਝ ਦੋਸਤ ਉਨ੍ਹਾਂ ਕੋਲ ਪਹੁੰਚੇ ਤੇ ਪਾਰਟੀ ‘ਚ ਹਿੱਸਾ ਲੈਣ ਲਈ ਆਪਣੇ ਨਾਲ ਲੈ ਗਏ। ਹਾਲਾਂਕਿ ਉਸ ਤੋਂ ਬਾਅਦ ਕੁਝ ਪਤਾ ਨਹੀਂ ਚੱਲ ਸਕਿਆ। ਪੁਲਿਸ ਨੂੰ ਸ਼ਨਿਚਰਵਾਰ ਸਵੇਰੇ ਬਾਸਰਕੇ ਰੇਲਵੇ ਫਾਟਕ ਨੇੜੇ ਗੁਰਪ੍ਰੀਤ ਸਿੰਘ ਦੀ ਲਾਸ਼ ਚਿੱਟੇ ਕੱਪੜਿਆਂ ‘ਚ ਮਿਲੀ।
ਉਸ ਦੇ ਸਰੀਰ ‘ਤੇ ਤਿੰਨ ਗੋਲ਼ੀਆਂ ਦੇ ਨਿਸ਼ਾਨ ਸਨ। ਸਪਸ਼ਟ ਸੀ ਕਿ ਮੁਲਜ਼ਮਾਂ ਨੇ ਗੁਰਪ੍ਰੀਤ ਨੂੰ ਸੜਕ ’ਤੇ ਗੋਲ਼ੀ ਮਾਰ ਦਿੱਤੀ ਤੇ ਫਿਰ ਲਾਸ਼ ਕਾਰ ਵਿੱਚ ਰੱਖ ਕੇ ਏਸੀ ਚਾਲੂ ਕਰ ਦਿੱਤਾ। ਪੁਲਿਸ ਦੋਸ਼ੀਆਂ ਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ‘ਚ ਜੁਟੀ ਹੋਈ ਹੈ।
ਦੂਜੇ ਪਾਸੇ ਪੁਲਿਸ ਨੇ ਘਟਨਾ ਵਾਲੀ ਥਾਂ ਤੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ।