ਚੰਡੀਗੜ੍ਹ–
ਪੰਜਾਬ ਵਿੱਚ ਨਿੱਤ ਦਿਨ ਵਾਪਰ ਰਹੇ ਸੜਕ ਹਾਦਸਿਆਂ ਕਾਰਨ ਜਿੱਥੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਇਨ੍ਹਾਂ ਸੜਕ ਹਾਦਸਿਆਂ ਕਾਰਨ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਤਾਜਾ ਜਾਣਕਾਰੀ ਅਨੁਸਾਰ, ਲੰਘੀ ਦੇਰ ਸ਼ਾਮ ਪਟਿਆਲਾ ਲਾਗੇ ਵਾਪਰੇ ਸੜਕ ਹਾਦਸੇ ਵਿੱਚ 2 ਸਕੇ ਭਰਾਵਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂਕਿ 4 ਹੋਰ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ, ਮਾਮਲੇ ਦੇ ਜਾਂਚ ਅਧਿਕਾਰੀ ਸਦਰ ਥਾਣਾ ਦੇ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਸਮਾਣਾ ’ਚ ਇਲਾਜ ਲਈ ਦਾਖ਼ਲ ਜ਼ਖ਼ਮੀ ਸ਼ੈਂਟੀ (18) ਪੁੱਤਰ ਬੁੱਧਰਾਮ ਨਿਵਾਸੀ ਪਿੰਡ ਮੁਰਾਦਪੁਰਾ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਇਕ ਦੋਸਤ ਦੇ ਘਰ ਲੜਕੇ ਦੇ ਜਨਮ ਦੀ ਖ਼ੁਸ਼ੀ ’ਚ ਮੁਰਾਦਪੁਰਾ ਨਿਵਾਸੀ ਆਪਣੇ ਦੋਸਤਾਂ ਅਜੇ (20) ਪੁੱਤਰ ਕਾਲਾ, ਵਿਕਰਮਜੀਤ ਸਿੰਘ (18) ਪੁੱਤਰ ਜੋਗਾ ਸਿੰਘ, ਸਰਬਜੀਤ ਸਿੰਘ (17) ਪੁੱਤਰ ਸੋਨੀ, ਜਸਪਾਲ ਸਿੰਘ (27) ਤੇ ਚੰਨੀ (22) ਪੁੱਤਰਾਨ ਸੁਖਵਿੰਦਰ ਸਿੰਘ ਸਾਰੇ ਦੋਸਤ ਪਟਿਆਲਾ ਤੋਂ ਫਿਲਮ ਦੇਖ ਕੇ ਕਾਰ ਰਾਹੀਂ ਪਿੰਡ ਵਾਪਸ ਆ ਰਹੇ ਸੀ।
ਇਸ ਦੌਰਾਨ ਜਦੋਂ ਉਹ ਰਾਤ ਕਰੀਬ 10 ਵਜੇ ਪਿੰਡ ਚੌਂਹਟ ਦੇ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸੜਕ ’ਤੇ ਬਿਨਾਂ ਰਿਫਲੈਕਟਰ ਤੋਂ ਖੜ੍ਹੀ ਟਰੈਕਟਰ-ਟਰਾਲੀ ਦੇ ਪਿੱਛੇ ਜਾ ਵੱਜੀ, ਜਿਸ ਕਾਰਨ ਉਹ ਸਾਰੇ ਗੰਭੀਰ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ।