- 6 ਸਤੰਬਰ ਦੇ ਪੈਨਲ ਮੀਟਿੰਗ ਵਿੱਚ ਮੰਗਾਂ ਪੂਰੀਆਂ ਨਾ ਹੋਣ ਤੇ ਕਰਨਗੇ ਐਕਸ਼ਨ
ਦਲਜੀਤ ਕੌਰ ਭਵਾਨੀਗੜ੍ਹ, ਚੰਡੀਗੜ੍ਹ/ਭਵਾਨੀਗੜ੍ਹ
ਆਦਰਸ਼ ਸਕੂਲ ਅਧਿਆਪਕ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ 6 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਹੀ ਪੈਨਲ ਮੀਟਿੰਗ ਵਿੱਚ ਸਮੁੱਚੀਆਂ ਮੰਗਾਂ ਦੀ ਪੂਰਤੀ ਕਰਨ ਵਿੱਚ ਜੇਕਰ ਹੋਰ ਦੇਰੀ ਕੀਤੀ ਗਈ ਤਾਂ ਜਥੇਬੰਦੀ “ਹੋਰ ਕਿੰਨੀ ਕੁ ਉਡੀਕ”ਦੇ ਨਾਅਰੇ ਅਧੀਨ ਲਾਮਿਸਾਲ ਤੇ ਜ਼ਬਰਦਸਤ ਰੋਸ਼ ਰੈਲੀ ਕਰਨਗੇ। ਜਿਸ ਦੀ ਸਫਲਤਾ ਲਈ ਪਹਿਲਾਂ ਸਾਰੇ ਆਦਰਸ਼ ਸਕੂਲਾਂ ਵਿੱਚ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸੂਬਾ ਕਮੇਟੀ ਮੈਂਬਰ ਪਰਵਿੰਦਰ ਕੌਰ ਮਾਨਸਾ, ਸੁਖਦੀਪ ਕੌਰ ਸਰਾਂ ਅਤੇ ਸਰਬਜੀਤ ਕੌਰ ਗਰੇਵਾਲ ਨੇ ਕਿਹਾ ਹੈ ਕਿ 6 ਸਤੰਬਰ ਵਾਲੀ ਮੀਟਿੰਗ ਤੋਂ ਪਹਿਲਾਂ ਵੀ ਜਥੇਬੰਦੀ ਦੀਆਂ ਸਿੱਖਿਆ ਮੰਤਰੀ ਨਾਲ ਕਈ ਪੈਨਲ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਯੂਨੀਅਨ ਦੀਆਂ ਸਾਰੀਆਂ ਮੰਗਾਂ ਮੰਨਣ ਦਾ ਪੂਰਨ ਹੁੰਗਾਰਾ ਵੀ ਦਿੱਤਾ ਜਾਂਦਾ ਹੈ, ਪਰ ਹਾਲੇ ਪਰਨਾਲਾ ਓਥੇ ਦਾ ਓਥੇ ਹੀ ਹੈ। ਇਸੇ ਕਰਕੇ ਜੇਕਰ 6 ਸਤੰਬਰ ਦੀ ਪੈਨਲ ਮੀਟਿੰਗ ਵਿੱਚ ਮੰਗਾਂ ਨੂੰ ਅਮਲੀ ਰੂਪ ਨਾ ਦਿੱਤਾ ਗਿਆ ਤਾਂ ਜਥੇਬੰਦੀ “ਹੋਰ ਕਿੰਨੀ ਕੁ ਉਡੀਕ” ਦੇ ਨਾਅਰੇ ਅਧੀਨ ਲਾਮਿਸਾਲ ਤੇ ਜ਼ਬਰਦਸਤ ਰੋਸ ਰੈਲੀ ਕਰਨ ਲਈ ਮਜਬੂਰ ਹੋਣਗੇ।
ਸੀਨੀਅਰ ਮੀਤ ਪ੍ਰਧਾਨ ਕੁਲਵੀਰ ਜਖੇਪਲ, ਹਰਵਿੰਦਰ ਸਿੰਘ, ਜਸਵੀਰ ਗਲੋਟੀ ਅਤੇ ਸਲੀਮ ਮੁਹੰਮਦ ਨੇ ਕਿਹਾ ਹੈ ਕਿ ਆਦਰਸ਼ ਸਕੂਲਾਂ ਦੇ 12-12 ਸਾਲਾਂ ਤੋਂ ਕੱਚੀਆਂ ਨੌਕਰੀਆਂ ਕਰ ਰਹੇ ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਤੁਰੰਤ ਪੱਕੀਆਂ ਕਰਕੇ ਤਨਖਾਹਾਂ ਸਿੱਧੀਆਂ ਸਰਕਾਰੀ ਖਜ਼ਾਨੇ ਵਿੱਚੋਂ ਜਾਰੀ ਕੀਤੀਆਂ ਜਾਣ, ਆਦਰਸ਼ ਸਕੂਲਾਂ ਵਿੱਚ ਪੜ੍ਹਾਉਣ ਦੇ ਤਜ਼ਰਬੇ ਨੂੰ ਮਾਨਤਾ ਦੇ ਕੇ 2019 ਵਿਚ ਹੈੱਡ ਟੀਚਰ ਤੇ ਸੈਂਟਰ ਹੈਡ ਟੀਚਰ ਦੀ ਸਿੱਧੀ ਭਰਤੀ ਵਿੱਚ ਕੌਂਸਲਿੰਗ ਕਰਵਾ ਚੁੱਕੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, ਵੱਖ ਵੱਖ ਸਮਿਆਂ ਤੇ ਨੌਕਰੀਓਂ ਕੱਢੇ ਅਧਿਆਪਕਾਂ ਨੂੰ ਬਹਾਲ ਕੀਤਾ ਜਾਵੇ, ਪਿਛਲੀ ਸਰਕਾਰ ਦੌਰਾਨ ਬੰਦ ਕੀਤੇ ਗਏ ਦੋ ਆਦਰਸ਼ ਸਕੂਲਾਂ ਨੂੰ ਮੁੜ ਚਾਲੂ ਕਰ ਕੇ ਉਹਨਾਂ ਸਕੂਲਾਂ ਦੇ ਅਧਿਆਪਕਾਂ ਨੂੰ ਨੌਕਰੀ ਵਿੱਚ ਲਿਆਂਦਾ ਜਾਵੇ ਤਮਾਮ ਮੰਗਾਂ ਪੂਰੀਆਂ ਕੀਤੇ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ।
ਇਸ ਮੌਕੇ ਜਥੇਬੰਦੀ ਦੇ ਆਗੂ ਸਤਨਾਮ ਤੁੰਗਾਂ, ਅਮਨਦੀਪ ਸ਼ਾਸਤਰੀ, ਜਗਤਾਰ ਗੰਢੂਆਂ, ਗੁਰਚਰਨ ਹਰਦਾਸਾ, ਦੀਪਕ ਸਿੰਗਲਾ, ਅਮਿਤ ਮਹਿਤਾ, ਰਛਪਾਲ ਸਿੰਘ, ਅਮਰਜੋਤ ਜੋਸ਼ੀ, ਭਗਵੰਤ ਸਿੰਘ, ਹਰਵਿੰਦਰ ਢੰਡੋਲੀ ਮਨਜੀਤ ਸ਼ੇਰੋਂ, ਮਲਕੀਤ ਕਾਲੇਕੇ, ਗੁਰਜੀਤ ਸਿੰਘ ਭੁਪਾਲ ਆਦਿ ਵੀ ਹਾਜ਼ਰ ਸਨ।