ਦਲਜੀਤ ਕੌਰ ਭਵਾਨੀਗੜ੍ਹ, ਚੰਡੀਗੜ੍ਹ/ਭਵਾਨੀਗੜ੍ਹ
ਆਦਰਸ਼ ਸਕੂਲ ਅਧਿਆਪਕ ਯੂਨੀਅਨ ਪੰਜਾਬ (ਪੀਪੀਪੀ ਤਰਜ਼) ਦੀ ਪੈਨਲ ਮੀਟਿੰਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ, ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ, ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ, ਸੂਬਾ ਕਮੇਟੀ ਮੈਂਬਰ ਸੁਖਦੀਪ ਕੌਰ ਸਰਾਂ, ਸਰਬਜੀਤ ਕੌਰ ਗਰੇਵਾਲ, ਜਸਵੀਰ ਗਲੋਟੀ ਗੱਲਬਾਤ ਦੇ ਲਈ ਸ਼ਾਮਲ ਹੋਏ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਯੂਨੀਅਨ ਆਗੂਆਂ ਵੱਲੋਂ ਆਦਰਸ਼ ਸਕੂਲਾਂ ਦੇ ਅਧਿਆਪਕਾਂ ਅਤੇ ਦਰਜ਼ ਚਾਰ ਮੁਲਾਜ਼ਮਾਂ ਦੀਆਂ ਨੌਕਰੀਆਂ ਕਦੋਂ ਪੱਕੀਆਂ ਕਰਨ, ਆਗੂਆਂ ਨੇ ਆਦਰਸ਼ ਸਕੂਲਾਂ ਵਿੱਚ ਪੜ੍ਹਾਉਣ ਦੇ ਤਜ਼ਰਬੇ ਨੂੰ ਮਾਨਤਾ ਦੇ ਕੇ 2019 ਵਿੱਚ ਹੋਈ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਦੀ ਸਿੱਧੀ ਭਰਤੀ ਵਿਚ ਕੌਸਲਿੰਗ ਕਰਵਾ ਚੁੱਕੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ, ਤਨਖਾਹਾਂ ਸਿੱਧੀਆਂ ਸਰਕਾਰੀ ਖਜ਼ਾਨੇ ਚੋਂ’ ਜਾਰੀ ਕਰਨ ਦੀ ਮੰਗਾਂ ਵੀ ਜ਼ੋਰਦਾਰ ਤਰੀਕੇ ਨਾਲ ਰੱਖੀਆਂ ਗਈਆਂ।
ਆਗੂਆਂ ਨੇ ਪਿਛਲੀ ਸਰਕਾਰ ਦੌਰਾਨ ਦੋ ਬੰਦ ਕੀਤੇ ਗਏ ਆਦਰਸ਼ ਸਕੂਲਾਂ ਨੂੰ ਚਾਲੂ ਕਰਕੇ ਕਰਮਚਾਰੀਆਂ ਨੂੰ ਮੁੜ ਨੌਕਰੀ ਵਿੱਚ ਲਿਆਉਣ ਅਤੇ ਇਸ ਦੇ ਨਾਲ ਹੀ ਵੱਖੋ-ਵੱਖ ਸਮਿਆਂ ਤੇ ਨੌਕਰੀਓ ਕੱਢੇ ਅਧਿਆਪਕਾਂ ਨੂੰ ਬਹਾਲ ਕਰਨ ਦੇ ਮੁੱਦੇ ਵੀ ਉਠਾਏ ਗਏ ਹਨ। ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਧਿਆਪਕਾਂ ਦੀਆਂ ਨੌਕਰੀਆਂ ਪੱਕੀਆਂ ਕਰਨ ਦਾ ਅਮਲ ਸ਼ੁਰੂ ਹੋ ਚੁੱਕਾ ਹੈ।
ਬਹੁਤ ਜਲਦੀ ਆਦਰਸ਼ ਸਕੂਲਾਂ ਦਾ ਨੰਬਰ ਲੱਗਣ ਵਾਲਾ ਹੈ। ਆਦਰਸ਼ ਸਕੂਲਾਂ ਦੇ ਮਸਲੇ ਹੱਲ ਕਰਨੇ ਮੇਰਾ ਪ੍ਰਮੁੱਖ ਏਜੰਡਾ ਹੈ ਅਤੇ ਬਹੁਤ ਜਲਦੀ ਆਦਰਸ਼ ਸਕੂਲਾਂ ਦੇ ਮਸਲੇ ਹੱਲ ਹੋਣ ਜਾ ਰਹੇ ਹਨ। ਥੋੜਾ ਸਬਰ ਕਰਨਾ ਚਾਹੀਦਾ ਹੈ। ਜਦਕਿ ਜਥੇਬੰਦੀ ਵੱਲੋਂ ਵਾਰ ਵਾਰ ਮੰਗਾਂ ਪੂਰੀਆਂ ਕਰਨ ਲਈ ਸਮਾਂ ਤੈਅ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਮੀਟਿੰਗ ਵਿੱਚ ਸੰਜੀਵ ਕੁਮਾਰ, ਸੁਰਿੰਦਰਪਾਲ ਸਿੰਘ, ਮੱਸੂ ਪਥਰਾਲਾ, ਗੁਰਚਰਨ ਸਿੰਘ, ਮੈਡਮ ਨੀਨਾ, ਰੋਜ਼ੀ ਚੌਹਾਨ, ਮੈਡਮ ਉਰਮਿਲਾ ਆਦਿ ਹਾਜ਼ਰ ਸਨ।