ਪੰਜਾਬ ਨੈੱਟਵਰਕ, ਚੰਡੀਗੜ੍ਹ/ਮਾਨਸਾ:
ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੇ ਕਿਸੇ ਵੀ ਇਲਾਕੇ ਵਿਚ ਸੂਰਾਂ ਵਿਚ ਅਫਰੀਕਨ ਫੀਵਰ ਬਿਮਾਰੀ ਪਾਜ਼ੀਟਿਵ ਪਾਏ ਜਾਣ ’ਤੇ ਸਬੰਧਤ ਇਲਾਕੇ (ਬਿਮਾਰੀ ਦੇ ਕੇਂਦਰ) ਦੇ 0 ਤੋਂ 1 ਕਿਲੋਮੀਟਰ ਤੱਕ ਦੇ ਖੇਤਰ ਨੂੰ ਸੰਕਰਮਣ ਜ਼ੋਨ ਮੰਨਦੇ ਹੋਏ ਹੁਕਮ ਜਾਰੀ ਕੀਤੇ ਹਨ।
ਹੁਕਮ ਵਿਚ ਉਨ੍ਹਾਂ ਕਿਹਾ ਕਿ ਕੋਈ ਵੀ ਜ਼ਿਉਂਦਾ ਜਾਂ ਮਰਿਆ ਸੂਰ (ਸਮੇਤ ਜੰਗਲ ਸੂਰ) ਨਾਲ ਪ੍ਰੋਸੈਸਡ ਸੂਰ ਦਾ ਮੀਟ, ਸੂਰ ਪਾਲਣ ਫਾਰਮ ਜਾਂ ਬੈਕਯਾਰਡ ਸੂਰ ਪਾਲਣ ਤੋਂ ਕੋਈ ਵੀ ਫੀਡ ਜਾਂ ਕਿਸੇ ਪ੍ਰਕਾਰ ਦੀ ਸਮੱਗਰੀ/ਸਮਾਨ ਸੰਕਰਮਣ ਜ਼ੋਨ ਵਿਚ ਲਿਆਉਣ ਅਤੇ ਬਾਹਰ ਲੈ ਕੇ ਜਾਣ ’ਤੇ ਪੂਰਨ ਤੌਰ ’ਤੇ ਮਨਾਹੀ ਹੋਵੇਗੀ ਅਤੇ ਕਿਸੇ ਵੀ ਵਿਅਕਤੀ ਵੱਲੋਂ ਸੂਚੀਬੱਧ ਬਿਮਾਰੀ-ਅਫ਼ਰੀਕਨ ਸਵਾਇਨ ਫੀਵਰ ਨਾਲ ਸੰਕਰਮਿਤ ਸੂਰ ਜਾਂ ਸੂਰ ਉਤਪਾਦ ਨੂੰ ਮਾਰਕੀਟ ਵਿਚ ਲਿਆਉਣ ਜਾਂ ਲਿਜਾਣਦੀ ਕੋਸ਼ਿਸ਼ ਕਰਨ ਦੀ ਵੀ ਪੂਰਨ ਮਨਾਹੀ ਹੋਵੇਗੀ। ਇਸ ਤੋਂ ਇਲਾਵਾ ਸੂਰ ਜਾਂ ਸੂਰ ਤੋਂ ਬਣੇ ਪਦਾਰਥਾਂ ਦੀ ਅੰਤਰਰਾਜੀ ਮੂਵਮੈਂਟ ’ਤੇ ਵੀ ਪੂਰਨ ਪਾਬੰਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਨੋਟੀਫਿਕੇਸ਼ਨ ਰਾਹੀਂ ‘ਦੀ ਪ੍ਰੀਵੈਨਸ਼ਨ ਐਂਡ ਕੰਟਰੋਲ ਆਫ ਇਨਫੈਕਸ਼ਨ ਐਂਡ ਕੰਟੇਜੀਅਸ ਡਿਸੀਜ਼ ਇਨ ਐਨੀਮਲ ਐਕਟ 2009’ ਤਹਿਤ ਸੂਰਾਂ ਦੀ ਸੂਚੀਬੱਧ ਬਿਮਾਰੀ ਅਫ਼ਰੀਕਨ ਸਵਾਇਨ ਫੀਵਰ ਨੂੰ ਫੈਲਣ ਤੋਂ ਬਚਾਓ, ਨਿਯੰਤਰਣ ਅਤੇ ਖ਼ਾਤਮੇ ਲਈ ਪੰਜਾਬ ਸੂਬੇ ਨੂੰ ਕੰਟਰੋਲਡ ਏਰੀਆ ਘੋਸ਼ਿਤ ਕੀਤਾ ਹੋਇਆ ਹੈ ਅਤੇ ਭਾਰਤ ਸਰਕਾਰ ਵੱਲੋਂ ਜਾਰੀ ਨੈਸ਼ਨਲ ਐਕਸ਼ਨ ਪਲਾਨ ਫਾਰ ਕੰਟਰੋਲ, ਕੰਨਟੇਨਮੈਂਟ ਐਂਡ ਇਰੈਡੀਕੇਸ਼ਨ ਆਫ ਅਫ਼ਰੀਕਨ ਸਵਾਇਨ ਫੀਵਰ 2022 ਅਨੁਸਾਰ ਸੂਰਾਂ ਵਿਚ ਅਫ਼ਰੀਕਨ ਸਵਾਇਨ ਫੀਵਰ ਦੀ ਬਿਮਾਰੀ ਪਾਜ਼ੀਟਿਵ ਪਾਏ ਜਾਣ ’ਤੇ ਸਬੰਧਤ ਇਲਾਕੇ (ਬਿਮਾਰੀ ਦੇ ਕੇਂਦਰ) ਵਿਚ 0 ਤੋਂ 1 ਕਿਲੋਮੀਟਰ ਤੱਕ ਦੇ ਖੇਤਰ ਨੂੰ ਸੰਕ੍ਰਮਣ ਜ਼ੋਨ ਘੋਸ਼ਿਤ ਕਰਦੇ ਹੋਏ ਸਾਰੇ ਸੂਰਾਂ ਦੀ ਕੀਲਿੰਗ ਕੀਤੀ ਜਾਣੀ ਹੁੰਦੀ ਹੈ ਅਤੇ 0 ਤੋਂ 10 ਕਿਲੋਮੀਟਰ ਤੱਕ ਦੇ ਖੇਤਰ ਨੂੰ ਨਿਗਰਾਨੀ ਜ਼ੋਨ ਘੋਸ਼ਿਤ ਕੀਤਾ ਜਾਣਾ ਹੈ। ਇਹ ਹੁਕਮ 07 ਨਵੰਬਰ, 2022 ਤੱਕ ਲਾਗੂ ਰਹੇਗਾ।