ਮੋਗਾ
8736 ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਤਾਰ ਜਾਰੀ ਹੈ। ਮਨਪ੍ਰਰੀਤ ਸਿੰਘ ਮੋਗਾ ਦੀ ਨੁਮਾਇੰਦਗੀ ਹੇਠ ਧਰਨਾ ਸ਼ਨਿਚਰਵਾਰ ਨੂੰ 117ਵੇਂ ਦਿਨ ਵਿਚ ਦਾਖ਼ਲ ਹੋ ਚੁੱਕਾ ਹੈ। ਇਸ ਮੌਕੇ ਸਟੇਟ ਮੈਂਬਰ ਨਵਤੇਜ ਸਿੰਘ ਅਤੇ ਜ਼ਿਲ੍ਹਾ ਕਮੇਟੀ ਮੈਂਬਰ ਪਵਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਾਡੇ ਨਾਲ ਵਾਅਦਾ ਕਰ ਕੇ ਵੱਡਾ ਧੋਖਾ ਕੀਤਾ। ਮੁੱਖ ਮੰਤਰੀ ਪੰਜਾਬ ਚੌਥੀ ਵਾਰ ਮੀਟਿੰਗ ਕਰਨ ਤੋਂ ਭੱਜਿਆ ਹੈ।
ਸਾਡੀ ਪਟਿਆਲਾ ਪ੍ਰਸ਼ਾਸਨ ਵੱਲੋਂ ਮੀਟਿੰਗ ਫਿਕਸ ਕਰਵਾਈ ਗਈ ਪਰ ਪਹਿਲਾਂ ਤਾਂ ਬਿਨਾਂ ਕਾਰਨ ਦੱਸੇ ਹੀ ਮੀਟਿੰਗ ਪੋਸਟਪੋਨ ਕਰ ਦਿੱਤੀ ਜਾਂਦੀ ਰਹੀ, ਪਰ ਲੰਘੀ 4 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੋਣੀ ਤਹਿ ਹੋਈ ਸੀ, ਪਰ ਮੁੱਖ ਮੰਤਰੀ ਆਪ ਨਾ ਆ ਕੇ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਅਤੇ ਅਮਨ ਅਰੋੜਾ ਕੈਬਨਿਟ ਮੰਤਰੀ ਨਾਲ ਮੀਟਿੰਗ ਕਰਵਾਈ।
ਇਸ ਮੀਟਿੰਗ ਨੂੰ ਇਕ ਟਾਈਮ ਪਾਸ ਮੀਟਿੰਗ ਕਹਿ ਸਕਦੇ ਹਾਂ। ਆਗੂਆਂ ਨੇ ਦੱਸਿਆ ਕਿ ਆਉਣ ਵਾਲੀ 14 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਪੰਜਾਬ ਪੱਧਰ ਤੇ ਵੱਡੇ ਰੂਪ ਵਿਚ ਰੈਲੀ ਕਰਾਗੇ, ਉਥੇ ਗੁਪਤ ਐਕਸ਼ਨ ਵੀ ਕੀਤੇ ਜਾਣਗੇ, ਜਿਸ ਦਾ ਜਾਨੀ ਤੇ ਮਾਲੀ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਇਸ ਮੌਕੇ ਸਾਥੀ ਇੰਦਰਜੀਤ ਸਿੰਘ ਮਾਨਸਾ ਲਗਾਤਾਰ ਪਾਣੀ ਵਾਲੀ ਟੈਂਕੀ ‘ਤੇ ਡਟਿਆ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਸਾਡੀਆਂ ਜਾਇਜ ਅਤੇ ਹੱਕੀ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ। ਪੰਜਾਬ ਸਰਕਾਰ ਜਿੰਨਾ ਜ਼ਿਆਦਾ ਸਮਾਂ ਲੰਘਾਉਣ ਦੀ ਕੋਸ਼ਿਸ਼ ਕਰਦੀ ਰਹੇਗੀ, ਸੰਘਰਸ਼ ਵੀ ਦਿਨੋਂ ਦਿਨ ਤਿੱਖਾ ਹੁੰਦਾ ਰਹੇਗਾ।
ਆਉਣ ਵਾਲੇ ਦਿਨਾਂ ਵਿਚ ਕੋਈ ਸਾਰਥਕ ਹੱਲ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਸਰਕਾਰ ਨੂੰ ਥਾਂ-ਥਾਂ ਘੇਰਿਆ ਜਾਵੇਗਾ। ਕਿਸੇ ਵੀ ਮੰਤਰੀ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ। ਪਹਿਲਾਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਪੰਜਾਬ ਸਰਕਾਰ ਮੁੱਕਰ ਚੁੱਕੀ ਹੈ, ਜਿਸਦਾ ਜਵਾਬ ਆਉਣ ਵਾਲੇ ਦਿਨਾਂ ਵਿਚ ਦਿੱਤਾ ਜਾਵੇਗਾ।
ਇਸ ਸਮੇਂ ਨਵਤੇਜ ਸਿੰਘ ਸਟੇਟ ਮੈਂਬਰ, ਪਵਨਦੀਪ ਸਿੰਘ ਬਰਾੜ, ਵੀਰਪਾਲ ਸਿੰਘ, ਮਨਜਿੰਦਰ ਸਿੰਘ, ਜਸਵੀਰ ਕੌਰ, ਸ਼ਿੰਦਰ ਸਿੰਘ, ਮਨਮੋਹਨ ਸਿੰਘ,ਪ੍ਰਗਟ ਸਿੰਘ, ਬੇਅੰਤ ਸ਼ਰਮਾ, ਕੁਲਵੰਤ ਸਿੰਘ, ਰਕੇਸ਼ ਕੁਮਾਰ, ਹਰਦੇਵ ਸਿੰਘ, ਮੇਘ ਸਿੰਘ, ਪਵਨਦੀਪ ਕੌਰ, ਨਰਿੰਦਰ ਕੌਰ, ਕਿਰਨਜੀਤ ਕੌਰ ਹਾਜ਼ਰ ਸਨ।