ਸਿੱਖਿਆ ਮੰਤਰੀ ਹਰਜੋਤ ਬੈੰਸ ਦਾ ਵੱਡਾ ਬਿਆਨ, ਅਧਿਆਪਕਾਂ ਦੇ ਹਫਤੇ ‘ਚ ਹੋਣਗੇ ਮਸਲੇ ਹੱਲ

1614

 

ਮੋਹਾਲੀ

ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਅਗਵਾਈ ਵਿੱਚ ਅਧਿਆਪਕ ਮਸਲਿਆਂ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈੰਸ ਨਾਲ ਅਹਿਮ ਪੈਨਲ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।

ਮੀਟਿੰਗ ਵਿੱਚ ਵਿਸਥਾਰਿਤ ਮੰਗ-ਪੱਤਰ ਸਮੇਤ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, ਸਾਰੇ ਵਰਗਾਂ ਦੇ ਕੱਚੇ ਅਧਿਆਪਕ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਪੱਕੇ ਕਰਨ, ਐਨ ਐਸ ਕਿਊ ਐਫ ਅਧਿਆਪਕਾਂ ਦੇ ਮਸਲੇ ਹੱਲ ਕਰਨ, ਲੈਕਚਰਾਰਾਂ ਦੀ ਪਦਉਨਤੀ ‘ਤੇ ਸਟੇਅ ਦੀ ਸ਼ਰਤ ਖਤਮ ਕਰਨ, ਅਧਿਆਪਕ ਤਬਾਦਲਾ ਨੀਤੀ ਵਿੱਚ ਕਰੋਨਿਕ ਬਿਮਾਰੀਆਂ ਨਾਲ ਪੀੜਤ ਅਧਿਆਪਕਾਂ ਲਈ ਹਰ ਮਹੀਨੇ ਦੇ ਆਖਰੀ ਹਫ਼ਤੇ ਪੋਰਟਲ ਖੋਹਲਣ, ਪੈਰਾ ਮਿਲਟਰੀ ਫੋਰਸ ਦੇ ਪਰਿਵਾਰਾਂ ਸਮੇਤ ਬਹੁਤ ਹੀ ਜਰੂਰੀ ਕੇਸਾਂ ਵਿੱਚ ਰਾਹਤ ਦੇਣ ਦਾ ਭਰੋਸਾ ਦਿੱਤਾ ਗਿਆ।

ਵਿਕਟੇਮਾਈਜੇਸ਼ਨਾਂ ਅਤੇ ਪੁਲਿਸ ਕੇਸਾਂ ਦਾ ਹੁਣ ਤੱਕ ਨਿਪਟਾਰਾ ਨਾ ਕਰਨ ‘ਤੇ ਮੋਰਚੇ ਵਲੋਂ ਸਖ਼ਤ ਵਿਰੋਧ ਦਾ ਪ੍ਰਗਟਾਵਾ ਕੀਤਾ ਗਿਆ। ਜਿਸ ਤੇ ਮੰਤਰੀ ਵਲੋਂ ਰਹਿੰਦੀਆਂ ਵਿਕਟੇਮਾਈਜੇਸ਼ਨਾਂ ਹੱਲ ਕਰਨ ਲਈ ਇੱਕ ਹਫਤੇ ਵਿੱਚ ਘੋਖਣ ਉਪਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। 2018 ਅਤੇ ਬਾਅਦ ਵਿੱਚ ਸੇਵਾ ਨਿਯਮਾਂ ਵਿੱਚ ਕੀਤੀਆਂ ਗਈਆਂ ਅਧਿਆਪਕ ਵਿਰੋਧੀ ਸੋਧਾਂ ਨੂੰ ਘੋਖਣ ਉਪਰੰਤ ਉਨ੍ਹਾਂ ਨੂੰ ਰੱਦ ਕਰਨ ਸਬੰਧੀ ਕਾਰਵਾਈ ਕੀਤੀ ਜਾਵੇਗੀ। ਜਿਸ ਨੂੰ ਕੁਝ ਸਮਾਂ ਲੱਗੇਗਾ।

ਵਿਭਾਗੀ ਪ੍ਰੀਖਿਆ ਲੈਣ ਵਾਲੇ ਨਿਯਮ ਰੱਦ ਕਰਨ ਤੱਕ ਕਿਸੇ ਵੀ ਅਧਿਆਪਕ ਦੀ ਸਾਲਾਨਾ ਤਰੱਕੀ ਨਹੀਂ ਰੋਕੀ ਜਾਵੇਗੀ। ਮੋਰਚੇ ਨੇ ਇਨ੍ਹਾਂ ਸੇਵਾ ਨਿਯਮਾਂ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਕੀਤੀ। ਸਿੱਖਿਆ ਮੰਤਰੀ ਵਲੋਂ ਡੀ.ਈ.ਓ ਅਤੇ ਡਿਪਟੀ ਡੀ.ਈ.ਓ. ਕੁਝ ਦਿਨਾਂ ਵਿੱਚ ਨਿਯੁਕਤ ਕਰਨ ਦਾ ਭਰੋਸਾ ਦਿੱਤਾ ਗਿਆ। ਵਿਦੇਸ਼ ਛੁੱਟੀ ਬਾਰੇ ਪਾਵਰਾਂ ਡੀ ਡੀ ਓ ਪੱਧਰ ਤੇ ਦੇਣ ਦੀ ਸਹਿਮਤੀ ਬਣੀ। ਮੋਰਚੇ ਵਲੋਂ ਸਿਰਫ਼ ਛੁੱਟੀਆਂ ਦੌਰਾਨ ਹੀ ਵਿਦੇਸ਼ ਜਾਣ ਵਾਲ਼ੇ ਪੱਤਰ ਨੂੰ ਰੱਦ ਕਰਨ ਦੀ ਮੰਗ ਕੀਤੀ।

ਬੱਚਿਆਂ ਦੇ ਵਿਦਿਅਕ ਟੂਰ ਦੀ ਪ੍ਰਵਾਨਗੀ ਬਾਰੇ ਪਾਵਰਾਂ ਡੀ ਈ ਓ ਪੱਧਰ ਉੱਪਰ ਦਿੱਤੀਆਂ ਜਾਣਗੀਆਂ। ਸਾਰੇ ਕਾਡਰਾਂ ਦੀਆਂ ਪ੍ਰੋਮੋਸ਼ਨਾਂ ਵਿੱਚ ਆ ਰਹੀਆਂ ਅੜਚਨਾਂ ਦੂਰ ਕਰਕੇ ਬਹੁਤ ਜਲਦੀ ਕਾਰਵਾਈ ਕਰਨ ਬਾਰੇ ਸਹਿਮਤੀ ਬਣੀ। ਹੋਈਆਂ ਬਦਲੀਆਂ ਨੂੰ ਲਾਗੂ ਕਰਨ ਬਾਰੇ ਜਲਦੀ ਫੈਸਲਾ ਲਿਆ ਜਾਵੇਗਾ। ਪ੍ਰਿੰਸੀਪਲਾਂ ਦੀਆਂ ਬਦਲੀਆਂ ਦੀ ਪ੍ਰਵਾਨਗੀ ਮੁੱਖ ਮੰਤਰੀ ਤੋਂ 30 ਨਵੰਬਰ ਤੱਕ ਲੈਣ ਦਾ ਭਰੋਸਾ ਦਿੱਤਾ ਗਿਆ। ਐੱਸ ਐੱਲ ਏ ਦੀ ਅਸਾਮੀ ਦਾ ਨਾਮ ਬਦਲਣ ਦੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ।

ਇਸੇ ਤਰ੍ਹਾਂ 2019 ਵਿੱਚ ਹੋਈਆਂ ਬਦਲੀਆਂ ਨੂੰ ਰੱਦ ਜਾਂ ਲਾਗੂ ਕਰਨ ਦੀ ਆਪਸ਼ਨ ਬਹੁਤ ਜਲਦ ਪੋਰਟਲ ਉਪਰ ਦਿੱਤੀ ਜਾਵੇਗੀ। ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਬਜਟ ਨਿਰਵਿਘਨ ਜਾਰੀ ਕੀਤੇ ਜਾਣਗੇ। ਵੱਖ-ਵੱਖ ਪ੍ਰੋਜੈਕਟਾਂ ਵਿੱਚ ਦੋ ਸਾਲ ਦਾ ਸਮਾਂ ਪੂਰਾ ਕਰਨ ਵਾਲੇ ਅਧਿਆਪਕਾਂ ਨੂੰ ਅਗਲੇ ਸਾਲ ਤੋਂ ਸਕੂਲਾਂ ਵਿੱਚ ਭੇਜਿਆ ਜਾਵੇਗਾ। ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ ਲਈ BLO ਡਿਊਟੀਆਂ ਸਬੰਧੀ ਚੀਫ ਇਲੈਕਸ਼ਨ ਕਮਿਸ਼ਨਰ ਨਾਲ ਚਰਚਾ ਕੀਤੀ ਗਈ ਹੈ। ਜਲਦ ਹੀ ਇਸਦਾ ਹੱਲ ਕੀਤਾ ਜਾਵੇਗਾ।

ਸਿੱਖਿਆ ਵਿਭਾਗ ਵਲੋਂ ਲਗਾਤਾਰ ਲਈਆਂ ਜਾ ਰਹੀਆਂ ਪ੍ਰੀਖਿਆਵਾਂ, ਸੈਮੀਨਾਰ, ਬਾਲ ਦਿਵਸ ਮਨਾਉਣ ਲਈ ਮੌਕੇ ਤੇ ਪੱਤਰ ਜਾਰੀ ਕਰਨ ਜਿਹੇ ਕਾਰਜਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਲਗਾਤਾਰ ਵਿਘਨ ਪਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਸਿੱਖਿਆ ਮੰਤਰੀ ਵਲੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਿਸਥਾਰਿਤ ਮੰਗ-ਪੱਤਰ ‘ਤੇ ਚਰਚਾ ਕਰਦਿਆਂ 180 ਟੈੱਟ ਪਾਸ, ਓ ਡੀ ਐਲ ਅਧਿਆਪਕਾਂ ਦੇ ਮਸਲਿਆਂ ਸਮੇਤ ਮੰਗਾਂ ਤੇ ਸਹਿਮਤੀ ਪ੍ਰਗਟਾਉਂਦਿਆਂ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ।

ਮੀਟਿੰਗ ਵਿੱਚ ਗੁਰਜੰਟ ਸਿੰਘ ਵਾਲੀਆ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੰਬੋਜ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਸੁਰਿੰਦਰ ਕੁਮਾਰ ਪੁਆਰੀ, ਬਲਜੀਤ ਸਿੰਘ ਸਲਾਣਾ, ਜਸਵਿੰਦਰ ਸਿੰਘ ਔਲਖ, ਸੁਖਜਿੰਦਰ ਸਿੰਘ ਹਰੀਕਾ, ਸੁਲੱਖਣ ਸਿੰਘ ਬੇਰੀ, ਟੌਹੜਾ, ਸੁਰਜੀਤ ਸਿੰਘ ਮੋਹਾਲੀ, ਕ੍ਰਿਸ਼ਨ ਦੁੱਗਾਂ, ਬਿਕਰਮਜੀਤ ਸਿੰਘ ਕੱਦੋਂ, ਅਮਰਜੀਤ ਸਿੰਘ, ਜਗਦੀਸ਼ ਰਾਏ, ਵਰਿੰਦਰਜੀਤ ਸਿੰਘ ਬਜਾਜ, ਤਿਰਲੋਚਨ ਸਿੰਘ, ਜਸਪਾਲ ਸੰਧੂ, ਲਛਮਣ ਸਿੰਘ ਨਬੀਪੁਰ, ਗੁਰਪ੍ਰੀਤ ਸਿੰਘ, ਪਰਵਿੰਦਰ ਭਾਰਤੀ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here