- 15 ਦਿਨਾਂ ’ਚ ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ
ਚੰਡੀਗੜ੍ਹ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਆਂਗਣਵਾੜੀ ਸੈਂਟਰਾਂ, ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਵਿਭਾਗੀ ਡਾਇਰੈਕਟਰ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਵਿਭਾਗੀ ਡਾਇਰੈਕਟਰ ਮਾਧਵੀ ਕਟਾਰੀਆ, ਡਿਪਟੀ ਡਾਇਰੈਕਟਰ ਤੇ ਸੁਖਦੀਪ ਸਿੰਘ, ਡੀਪੀਓ ਅਮਰਜੀਤ ਸਿੰਘ ਭੁੱਲਰ, ਸੁਪਰਡੈਂਟ ਬਲਰਾਜ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। ਯੂਨੀਅਨ ਵੱਲੋਂ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ, ਜਨਰਲ ਸਕੱਤਰ ਸੁਭਾਸ਼ ਰਾਣੀ ਅਤੇ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਸ਼ਾਮਲ ਹੋਈਆਂ।
ਯੂਨੀਅਨ ਵੱਲੋਂ ਮੀਟਿੰਗ ਵਿੱਚ ਆਂਗਣਵਾੜੀ ਕੇਂਦਰਾਂ ਵੱਲੋਂ ਹੀ ਪ੍ਰੀ ਸਕੂਲ ਸਿੱਖਿਆ ਆਂਗਣਵਾੜੀ ਕੇਂਦਰਾਂ ਵਿੱਚ ਯਕੀਨੀ ਬਣਾਉਣ, ਮਾਣਭੱਤਾ ਸਮੇਂ ਸਿਰ ਦੇਣਾ ਯਕੀਨੀ ਬਣਾਉਣ, ਰੈਸਪੀ ਅਨੁਸਾਰ ਸਮੇਂ ਸਿਰ ਸਹੀ ਅਤੇ ਪੂਰਾ ਸਾਮਾਨ ਖਰੀਦ ਕੇ ਆਂਗਣਵਾੜੀ ਕੇਂਦਰਾਂ ਵਿੱਚ ਮੁਹੱਈਆ ਕਰਾਉਣ, ਗੈਸ ਸਿਲੰਡਰ ਅਤੇ ਬਾਲਣ ਦੇ ਪੈਸੇ ਤੁਰੰਤ ਮੁਹੱਈਆ ਕਰਾਉਣ, ਆਂਗਣਵਾੜੀ ਵਰਕਰਾਂ ਨੂੰ ਮੋਬਾਇਲ ਖਰੀਦ ਕੇ ਦੇਣ ਅਤੇ ਆਂਗਣਵਾੜੀ ਵਰਕਰਾਂ ਨੂੰ ਆਈਸੀਡੀਐਸ ਤੋਂ ਬਿਨਾਂ ਵਾਧੂ ਕੰਮ ਬੰਦ ਕਰਨ ਦੇ ਮੁੱਦੇ ਉਠਾਏ ਗਏ।
ਮੀਟਿੰਗ ਵਿੱਚ ਡਾਇਰੈਕਟਰ ਵੱਲੋਂ ਵਿਸ਼ਵਾਸ ਦਿੱਤਾ ਗਿਆ ਕਿ ਹੋਲਡ ਪਈਆਂ ਅਸਾਮੀਆਂ ਨੂੰ ਸੰਜੀਦਗੀ ਨਾਲ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਵਿੱਚ ਇਸਦਾ ਹੱਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਪੋਸ਼ਣ ਟੈਕਰ ਨੂੰ ਲੈ ਕੇ ਕਿਹਾ ਕਿ ਛੇਤੀ ਹੀ ਮੋਬਾਇਲ ਲੈ ਕੇ ਦਿੱਤੇ ਜਾਣਗੇ। ਇਸ ਮੌਕੇ ਯੂਨੀਅਨ ਨੇ ਕਿਹਾ ਕਿ ਉਦੋਂ ਤੱਕ ਪੋਸ਼ਣ ਟੈਕਰ ਲਈ ਮਜ਼ਬੂਰ ਨਾ ਕੀਤਾ ਜਾਵੇ। ਜਦੋਂ ਮੋਬਾਇਲ ਅਤੇ ਡਾਟੇ ਲਈ ਪੈਸੇ ਮਿਲ ਗਏ ਤਾਂ ਉਸ ਨੂੰ 100 ਫੀਸਦੀ ਕਰ ਦਿੱਤਾ ਜਾਵੇਗਾ।
ਡਾਇਰੈਕਟਰ ਵੱਲੋਂ ਇਹ ਵੀ ਵਿਸ਼ਵਾਸ ਦਿੱਤਾ ਗਿਆ ਕਿ ਸਾਰੀਆਂ ਮੰਗਾਂ ਦਾ 15 ਦਿਨਾਂ ਵਿੱਚ ਹੱਲ ਕਰ ਦਿੱਤਾ ਜਾਵੇਗਾ। ਯੂਨੀਅਨ ਨੇ ਕਿਹਾ ਕਿ ਜੇਕਰ 15 ਦਿਨਾਂ ਵਿੱਚ ਮੰਗਾਂ ਹੱਲ ਨਾ ਕੀਤੀਆਂ ਗਈਆਂ ਤਾਂ ਉਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ।