- ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਦਿਹਾੜੀ ਦੇ ਮਸਲੇ ਨੂੰ ਲੈ ਕੇ 200 ਪਿੰਡਾਂ ਵਿੱਚ ਰੈਲੀਆਂ ਕਰਨ ਦਾ ਐਲਾਨ
- ਕਿਰਤ ਵਿਭਾਗ ਦੇ ਨੋਟੀਫਿਕੇਸ਼ਨ ਦੀਆ ਕਾਪੀਆਂ ਸਾੜਨ ਦਾ ਫ਼ੈਸਲਾ
ਦਲਜੀਤ ਕੌਰ, ਸੰਗਰੂਰ
ਅੱਜ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜੋਨਲ ਕਮੇਟੀ ਦੀ ਮੀਟਿੰਗ ਮੀਤ ਪ੍ਰਧਾਨ ਗੁਰਵਿੰਦਰ ਬੌੜਾ ਦੀ ਪ੍ਰਧਾਨਗੀ ਹੇਠ ਸਥਾਨਕ ਗ਼ਦਰ ਭਵਨ ਸੰਗਰੂਰ ਵਿਖੇ ਹੋਈ। ਇਸ ਮੀਟਿੰਗ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 200 ਪਿੰਡਾਂ ‘ਚ ਰੈਲੀਆਂ, ਮੀਟਿੰਗਾਂ ਕਰਕੇ ਮੁਹਿੰਮ ਬਣਾ ਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਅਤੇ ਨਵੰਬਰ ਦੇ ਪਹਿਲੇ ਹਫਤੇ ਤਹਿਸੀਲ ਪੱਧਰੀ ਧਰਨੇ ਲਗਾਉਣ ਦਾ ਫੈਸਲਾ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਮੁਕੇਸ਼ ਮਲੌਦ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪਾਸ ਕਨੂੰਨ ਨੂੰ ਪੰਜਾਬ ਸਰਕਾਰ ਵੱਲੋਂ ਪਾਸ ਕਰਕੇ ਪੰਜਾਬ ਦੇ ਮਜਦੂਰਾਂ ਦੇ ਦਮਨ ਕਰਨ ਲਈ, ਮਜਦੂਰਾਂ ਦੇ ਮੌਤ ਦੇ ਵਰੰਟ ਤੇ ਮੋਹਰ ਲਈ ਹੈ। ਕੇਂਦਰ ਦੀ ਤਰਜ਼ ਤੇ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਉਦਯੋਗਪਤੀਆਂ ਨੂੰ ਮੁਨਾਫ਼ਾ ਪਹਚਾਉਣ ਲਈ ਅਜਿਹੇ ਦਮਨਕਾਰੀ ਕਨੂੰਨ ਲਿਆਂਦੇ ਜਾ ਰਹੇ ਹਨ, ਜਿਸ ਨਾਲ ਮਜ਼ਦੂਰਾਂ ਦੀ ਦਿਹਾੜੀ ਡੇਢ ਗੁਣਾ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਾ ਖੂਨ ਪੀਣ ਦੀ ਕਨੂੰਨਨ ਖੁੱਲ੍ਹ ਦਿੱਤੀ ਹੈ l ਜਿਸ ਦੇ ਖ਼ਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋ ਇਸ ਕਾਲੇ ਕਨੂੰਨ ਦੇ ਖਿਲਾਫ਼ ਤੇ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਨ ਲਈ ਜੋਨਲ ਦੇ 200 ਪਿੰਡਾਂ ‘ਚ ਰੈਲੀਆਂ, ਮੀਟਿੰਗਾਂ ਕਰਕੇ ਮੁਹਿੰਮ ਬਣਾ ਕੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਨਵੰਬਰ ਦੇ ਪਹਿਲੇ ਹਫਤੇ ਤਹਿਸੀਲ ਪੱਧਰੀ ਧਰਨੇ ਦਿੱਤੇ ਜਾਣਗੇ।
ਆਗੂਆਂ ਨੇ ਕਿਹਾ ਕਿ ਇਸ ਤੋਂ ਬਿਨਾਂ ਪਿੰਡ ਸਾਦੀਹਰੀ ਦੇ ਜ਼ਮੀਨੀ ਮਸਲੇ ਨੂੰ ਹੱਲ ਕਰਨ ਦੀ ਬਜਾਏ ਦਿੜ੍ਹਬਾ ਪੁਲਿਸ ਵੱਲੋਂ ਜ਼ਮੀਨ ‘ਚ ਜਾਕੇ ਦਲਿਤਾਂ ਦੇ ਘਰ ਢਾਹੁਣ ਦੀ ਸਖਤ ਨਿਖੇਧੀ ਕੀਤੀ ਅਤੇ ਜੋਨਲ ਕਮੇਟੀ ਵੱਲੋ ਐਲਾਨ ਕੀਤਾ ਕਿ ਜੇਕਰ ਦੁਬਾਰਾ ਪੁਲਿਸ ਵੱਲੋ ਕੋਈ ਅਜਿਹੀ ਕਾਰਵਾਈ ਨਾ ਕੀਤੀ ਜਾਵੇ ਇਸ ਲਈ ਜਲਦੀ ਹੀ ਐੱਸ. ਡੀ. ਐੱਮ ਦਫਤਰ ਦਿੜ੍ਹਬਾ ਅਤੇ ਡੀ.ਐਸ. ਪੀ ਦਫਤਰ ਅੱਗੇ ਪੱਕੇ ਧਰਨੇ ਲਾਗਏ ਜਾਣਗੇ l
ਇਸ ਮੌਕੇ ਬਿੱਕਰ ਸਿੰਘ ਹਥੋਆ, ਧਰਮਵੀਰ ਹਰੀਗੜ੍ਹ, ਜਗਤਾਰ ਸਿੰਘ ਮਲੇਰ ਕੋਟਲਾ, ਗੁਰਚਰਨ ਸਿੰਘ ਘਰਾਚੋਂ, ਪਰਮਜੀਤ ਕੌਰ ਲੌਂਗੋਵਾਲ, ਗੁਰਵਿੰਦਰ ਸਿੰਘ ਸਾਦੀਹਰੀ ਆਦਿ ਹਾਜਰ ਸਨ।