ਚੰਡੀਗੜ੍ਹ-
ਪੰਜਾਬ ਦੇ ਅੰਦਰ ਨਿੱਤ ਦਿਨ ਵਾਪਰ ਰਹੀਆਂ ਗੋਲੀਕਾਂਡ ਦੀਆਂ ਵਾਰਦਾਤਾਂ ਨੇ ਜਿਥੇ ਪੁਲਿਸ ਪ੍ਰਸਾਸ਼ਨ ਤੇ ਸਵਾਲ ਖੜੇ ਕੀਤੇ ਹਨ, ਉਥੇ ਹੀ ਸਰਕਾਰ ਤੇ ਵੀ ਅਨੇਕਾਂ ਸਵਾਲ ਖੜੇ ਹੋ ਰਹੇ ਹਨ।
ਦੱਸ ਦਈਏ ਕਿ, ਅੱਜ ਸਵੇਰੇ ਪੰਜਾਬ ਦੇ ਬਟਾਲਾ ਵਿਚ ਵੱਡੀ ਵਾਰਦਾਤ ਵਾਪਰ ਗਈ। ਦਰਅਸਲ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਨੂੰ ਇਕ ਵਿਅਕਤੀ ਨੇ ਗੋਲੀਆਂ ਮਾਰ ਦਿੱਤੀਆਂ।
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਦਾ ਦੋਸ਼ ਹੈ ਕਿ, ਉਹ ਸਵੇਰੇ ਬਟਾਲਾ ਦੀ ਸਬਜ਼ੀ ਮੰਡੀ ਤੋਂ ਸਬਜ਼ੀ ਖਰੀਦ ਕੇ ਵਾਪਸ ਆਪਣੇ ਪਿੰਡ ਵੱਲ ਆਉਣ ਹੀ ਲੱਗਾ ਤਾਂ, ਪਾਰਕਿੰਗ ਦੇ ਠੇਕੇਦਾਰ ਨਾਲ ਉਹਦੀ ਬਹਿਸ ਹੋ ਗਈ।
ਜਰਮਨਜੀਤ ਸਿੰਘ ਦਾ ਦੋਸ਼ ਹੈ ਕਿ, ਜਦੋਂ ਠੇਕੇਦਾਰ ਨੇ ਉਹਨੂੰ ਪਰਚੀ ਕਟਵਾਉਣ ਵਾਸਤੇ ਆਖਿਆ ਤਾਂ, ਉਹਨੇ ਇਹ ਕਹਿ ਕੇ ਪਰਚੀ ਕਟਾਉਣ ਤੋਂ ਮਨਾਂ ਕਰ ਦਿੱਤਾ ਕਿ, ਉਹ ਘਰ ਵਾਸਤੇ ਸਬਜ਼ੀ ਖ਼ਰੀਦ ਕੇ ਲੈ ਕੇ ਜਾ ਰਿਹਾ ਹੈ।
ਜਰਮਨਜੀਤ ਸਿੰਘ ਨੇ ਦੋਸ਼ ਲਗਾਇਆ ਕਿ, ਇਸੇ ਦੌਰਾਨ ਹੀ ਉਕਤ ਠੇਕੇਦਾਰ ਨਾਲ ਬਹਿਸ ਜਿਆਦਾ ਵਧ ਗਈ, ਜਿਸ ਦੌਰਾਨ ਤਹਿਸ਼ ਵਿਚ ਆਏ ਉਤਕ ਠੇਕੇਦਾਰ ਨੇ ਉਹਦੇ ਤੇ ਗੋਲੀਆਂ ਚਲਾ ਦਿੱਤੀਆਂ।
ਜਰਮਨਜੀਤ ਸਿੰਘ ਨੇ ਕਿਹਾ ਕਿ, ਖੁਸ਼ਕਿਸਮਤੀ ਨਾਲ ਉਹ ਇਸ ਗੋਲੀਬਾਰੀ ਵਿਚ ਫਿਲਹਾਲ ਬਚ ਗਿਆ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।