ਅੰਮ੍ਰਿਤਸਰ:
ਪੰਜਾਬ ਪੁਲਿਸ ਦੇ ਐਸਟੀਐਫ਼ ਵਿੰਗ ਵਲੋਂ ਇੱਕ ਸਰਕਾਰੀ ਅਧਿਆਪਕ ਨੂੰ 5 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੰਜਾਬੀ ਜਾਗਰਣ ਦੀ ਖ਼ਬਰ ਮੁਤਾਬਿਕ, ਆਈਜੀਪੀ ਬਾਰਡਰ ਰੇਂਜ ਰਸ਼ਪਾਲ ਸਿੰਘ ਨੇ ਦੱਸਿਆ ਕਿ 26 ਸਤੰਬਰ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਡੀਐਸਪੀ ਅਰੁਣ ਕੁਮਾਰ ਐੱਸਟੀਐੱਫ ਨੇ ਆਪਣੀ ਟੀਮ ਨਾਲ ਮਿਲ ਕੇ ਨਵਤੇਜ ਸਿੰਘ ਤੇ ਜਗਮੀਤ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।
ਰਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਦੀ ਤਫਤੀਸ਼ ਕਰਦੇ ਹੋਏ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਬੰਦ ਜਗਦੀਪ ਸਿੰਘ ਉਰਫ਼ ਜੱਗੂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਨਵਤੇਜ ਸਿੰਘ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਐੱਸਟੀਐੱਫ ਦੀਆਂ ਟੀਮਾਂ ਨੇ ਜੰਮੂ-ਕਸ਼ਮੀਰ ਦੇ ਪੁਣਛ ਇਲਾਕੇ ‘ਚ ਸਰਕਾਰੀ ਟੀਚਰ ਜਿਸਦੀ ਪਛਾਣ ਨਿਜ਼ਾਮੂਦੀਨ ਪੁੱਤਰ ਕਿਆਂਮੂਦੀਨ ਵਜੋਂ ਹੋਈ ਹੈ, ਨੂੰ ਕਾਬੂ ਕਰ ਕੇ ਉਸ ਕੋਲੋਂ ਕਰੀਬ 5 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਗਈ।
ਰਸ਼ਪਾਲ ਸਿੰਘ ਨੇ ਦੱਸਿਆ ਕਿ ਨਵਤੇਜ ਸਿੰਘ ਉੱਤੇ ਪਹਿਲਾਂ ਵੀ ਕਈ ਨਸ਼ੇ ਦੀ ਤਸਕਰੀ ਤੇ ਹੋਰ ਮਾਮਲੇ ਦਰਜ ਹਨ। ਇਸਦੇ ਨਾਲ ਹੀ ਉਨ੍ਹਾਂ ਦਸਿਆ ਕਿ ਮੁੱਢਲੀ ਤਫਦੀਸ਼ ‘ਚ ਸਾਹਮਣੇ ਆਇਆ ਹੈ ਕਿ ਉਕਤ ਨਵਤੇਜ ਸਿੰਘ ਜੇਲ੍ਹ ਵਿਚ ਬੰਦ ਜਗਦੀਪ ਸਿੰਘ ਉਰਫ਼ ਜੱਗੂ ਦਾ ਪੁਰਾਣਾ ਸਾਥੀ ਹੈ ਜੋ ਕਿ ਉਸਦੇ ਜੇਲ੍ਹ ਜਾਣ ਤੋਂ ਬਾਅਦ ਵੀ ਉਸਦੇ ਲਿੰਕ ‘ਚ ਸੀ ਤੇ ਹੈਰੋਇਨ ਤਸਕਰੀ ‘ਚ ਮਦਦ ਕਰਦਾ ਰਿਹਾ ਹੈ।