ਚੰਡੀਗੜ੍ਹ-
ਡੈਮੋਕੇ੍ਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਬਿਕ੍ਰਮਦੇਵ ਸਿੰਘ, ਜਰਨਲ ਸਕੱਤਰ ਮੁਕੇਸ਼ ਕੁਮਾਰ ਦੇ ਹਵਾਲੇ ਨਾਲ਼ ਫਗਵਾੜਾ ਦੇ ਆਗੂਆਂ ਗੁਰਮੁਖ ਲੋਕਪੇ੍ਮੀ, ਨਵਕਿਰਨ ਪਾਂਸ਼ਟਾ, ਸੁਖਦੇਵ ਸਿੰਘ, ਹਰਜਿੰਦਰ ਨਿਆਣਾ, ਸਤਨਾਮ ਪਰਮਾਰ ਆਦਿ ਨੇ ਇੱਕ ਪ੍ਰਰੈਸ ਬਿਆਨ ਜਾਰੀ ਕਰਦੇ ਹੋਏ ਜਾਣਕਾਰੀ ਦਿੱਤੀ, ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਪੱਖਪਾਤ ਤੇ ਬੇਇਨਸਾਫ਼ੀ ਦਾ ਸ਼ਿਕਾਰ 180 ਈ.ਟੀ.ਟੀ. ਉਸ ਸਮੇਂ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਧਰਨਿਆਂ ਮੁਜਾਹਰਿਆਂ ਵਿੱਚ ਅਤੇ ਟਾਵਰਾਂ ਤੇ ਚੜ੍ਹੇ ਸੰਘਰਸ਼ੀਆਂ ਨੂੰ ਵੀ ਮਿਲ ਕੇ ਆਖਿਆ ਸੀ ਕਿ ਸਰਕਾਰ ਨੂੰ ਇਨਾਂ ਅਧਿਆਪਕਾਂ ਦਾ ਮਸਲਾ ਤੁਰੰਤ ਹੱਲ ਕਰਨਾ ਚਾਹੀਦਾ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਲੱਗਭੱਗ 9 ਮਹੀਨੇ ਹੋ ਚੁੱਕੇ ਹਨ ਤਾਂ ਨਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਨਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਇਸ ਮਸਲੇ ਨੂੰ ਹੱਲ ਕਰਨ ਲਈ ਗੰਭੀਰ ਹਨ।
ਬੀਤੇ ਦਿਨ ਜਦੋਂ ਇਹ ਅਧਿਆਪਕ ਪੰਜਾਬ ਸਰਕਾਰ ਦੇ ਰਵੱਈਏ ਤੋਂ ਨਿਰਾਸ਼ ਹੋ ਕੇ ਆਮ ਆਦਮੀ ਪਾਰਟੀ ਦੀ ਸੋਲਨ (ਹਿਮਾਚਲ ਪ੍ਰਦੇਸ਼) ਵਿੱਚ ਹੋ ਰਹੀ ਰੈਲੀ ਦੌਰਾਨ ਆਪਣਾ ਮਸਲਾ ਉਠਾਉਣ ਲਈ ਪੁੱਜੇ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਗੁੰਡਾਗਰਦੀ ਦਿਖਾਉਂਦਿਆਂ ਨਾ ਸਿਰਫ਼ ਇਨ੍ਹਾਂ ਅਧਿਆਪਕਾਂ ਨਾਲ ਕੁੱਟਮਾਰ ਕੀਤੀ, ਸਗੋਂ ਸਾਥੀ ਸੋਹਣ ਸਿੰਘ ਬਰਨਾਲਾ ਦੀ ਪੱਗ ਨੂੰ ਉਤਾਰ ਕੇ ਸਾਬਿਤ ਕਰ ਦਿੱਤਾ ਹੈ ਕਿ ਇਹ ਪਾਰਟੀ ਵੀ ਬਿਲਕੁਲ ਅਕਾਲੀਆਂ, ਕਾਂਗਰਸੀਆਂ ਅਤੇ ਭਾਜਪਾਈਆਂ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀ ਹੈ।
ਡੈਮੋਕੇ੍ਟਿਕ ਟੀਚਰਜ਼ ਫਰੰਟ ਫਗਵਾੜਾ ਆਮ ਆਦਮੀ ਪਾਰਟੀ ਦੀ ਇਸ ਘਨਾਉਣੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਾ ਹੋਇਆ ਐਲਾਨ ਕਰਦਾ ਹੈ ਕਿ 6 ਨਵੰਬਰ ਨੂੰ 180 ਅਧਿਆਪਕਾਂ ਦੇ ਮਸਲੇ ਤੇ ਕੀਤੀ ਜਾ ਰਹੀ ਆਨੰਦਪੁਰ ਸਾਹਿਬ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰਕੇ ਸਰਕਾਰ ਦੇ ਇਸ ਜਬਰ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।