ਪੰਜਾਬ ਨੈੱਟਵਰਕ, ਮੋਗਾ-
ਬੀਤੇ ਦਿਨ ਮਜੀਠਾ ਰੋਡ ਤੇ ਹੋਏ ਹਿੰਦੂ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਵਾਰਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਨੂੰ ਮੋਗਾ ਦੇ ਵਿਚ ਪੁਲਿਸ ਦੇ ਵਲੋਂ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਪੁਲਿਸ ਦੇ ਵਲੋਂ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਵੇਖਦੇ ਹੋਏ ਇਹ ਵੱਡਾ ਫ਼ੈਸਲਾ ਲੈ ਕੇ ਅਮ੍ਰਿਤਪਾਲ ਨੂੰ ਮੋਗਾ ਦੇ ਪਿੰਡ ਸਿੰਘਾਵਾਲਾ ਵਿਖੇ ਨਜ਼ਰਬੰਦ ਕੀਤਾ ਗਿਆ ਹੈ।
ਪੂਰਾ ਪਿੰਡ ਇਸ ਵੇਲੇ ਪੁਲਿਸ ਛਾਉਣੀ ਦੇ ਵਿਚ ਤਬਦੀਲ ਹੋ ਗਿਆ ਹੈ। ਉਧਰ ਦੂਜੇ ਪਾਸੇ, ਅਮ੍ਰਿਤਪਾਲ ਦੇ ਸਾਥੀਆਂ ਨੇ ਕਿਹਾ ਕਿ, ਪੁਲਿਸ ਤੇ ਸਰਕਾਰ ਉਨ੍ਹਾਂ ਦੇ ਨਾਲ ਧੱਕਾ ਕਰ ਰਹੀ ਹੈ।
ਦੱਸ ਦਈਏ ਕਿ, ਬੀਤੇ ਕੱਲ੍ਹ ਹਿੰਦੂ ਆਗੂ ਸੁਧੀਰ ਕੁਮਾਰ ਸੂਰੀ ਦਾ ਅਮ੍ਰਿਤਸਰ ਦੇ ਮਜੀਠਾ ਰੋਡ ਤੇ ਇੱਕ ਮੰਦਰ ਦੇ ਸਾਹਮਣੇ ਗੋਲੀਆਂ ਮਾਰ ਕੇ ਇੱਕ ਵਿਅਕਤੀ ਵਲੋਂ ਕਤਲ ਕਰ ਦਿੱਤਾ ਗਿਆ ਸੀ।
ਕਥਿਤ ਤੌਰ ਤੇ ਕਾਤਲ ਦੇ ਸਬੰਧ ਅਮ੍ਰਿਤਪਾਲ ਦੇ ਨਾਲ ਦੱਸੇ ਜਾ ਰਹੇ ਸਨ, ਪਰ ਪੁਲਿਸ ਵਲੋਂ ਇਸ ਮਾਮਲੇ ਨੂੰ ਸੁਲਝਾਉਂਦਿਆਂ ਹੋਇਆ ਨਵਾਂ ਹੀ ਖੁਲਾਸਾ ਕਰ ਦਿੱਤਾ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੁਧੀਰ ਸੂਰੀ ‘ਤੇ ਗੋਲੀਆਂ ਚਲਾਉਣ ਵਾਲੇ ਅੰਮ੍ਰਿਤਸਰ ਦੇ ਸੰਦੀਪ ਸਿੰਘ ਸੰਨੀ ਵਾਸੀ ਕੋਟ ਬਾਬਾ ਦੀਪ ਸਿੰਘ ਦੇ ਦੁਕਾਨਦਾਰ ਨੂੰ ਕਾਬੂ ਕਰ ਲਿਆ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਇਸ ਸਬੰਧ ਵਿੱਚ ਆਈਪੀਸੀ ਦੀ ਧਾਰਾ 302 ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਥਾਣਾ ਸਦਰ ਅੰਮ੍ਰਿਤਸਰ ਵਿਖੇ ਐਫਆਈਆਰ ਦਰਜ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੰਜਾਬ ਪੁਲਿਸ ਜਲਦ ਹੀ ਮਾਮਲੇ ਦੀ ਤਹਿ ਤੱਕ ਪਹੁੰਚ ਜਾਵੇਗੀ।
ਉਨਾਂ ਦੁਹਰਾਇਆ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਸਾਜ਼ਿਸ਼ ਦਾ ਪਰਦਾਫਾਸ ਕੀਤਾ ਜਾਵੇਗਾ।