ਵੱਡੀ ਖ਼ਬਰ: ਪਟਿਆਲਾ ਜੇਲ੍ਹ ‘ਚ ਖੂਨੀ ਝੜਪ! 4 ਕੈਦੀਆਂ ਦੀ ਹਾਲਤ ਗੰਭੀਰ

632

 

ਪਟਿਆਲਾ-

ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਤੰਬਾਕੂ ਦੇ ਪੈਕਟਾਂ ਨੂੰ ਲੈ ਕੇ ਕੈਦੀਆਂ ਦੇ ਦੋ ਗੁੱਟਾਂ ਵਿੱਚ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਕਾਫੀ ਪਥਰਾਅ ਵੀ ਹੋਇਆ, ਜਿਸ ਕਾਰਨ 6 ਕੈਦੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਜੇਲ ਹਸਪਤਾਲ ਦਾਖਲ ਕਰਵਾਇਆ ਗਿਆ।

ਚਾਰਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉੱਥੋਂ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਸਬੰਧਤ ਥਾਣਾ ਤ੍ਰਿਪੜੀ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਅਮਰ ਉਜਾਲਾ ਦੀ ਰਿਪੋਰਟ ਮੁਤਾਬਿਕ, ਐਸਪੀ (ਜੇਲ੍ਹ) ਹਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸ਼ਾਮ 5 ਤੋਂ 6 ਵਜੇ ਦਰਮਿਆਨ ਵਾਪਰੀ। ਇਸੇ ਦੌਰਾਨ ਜੇਲ੍ਹ ਦੀ ਬਾਹਰੀ ਚਾਰਦੀਵਾਰੀ ਤੋਂ ਸੁੱਟਿਆ ਗਿਆ ਇੱਕ ਪੈਕਟ ਫੜਿਆ ਗਿਆ, ਜਿਸ ਵਿੱਚ ਤੰਬਾਕੂ ਦੇ ਕੁਝ ਪੈਕਟ ਸਨ।

ਇਨ੍ਹਾਂ ਤੰਬਾਕੂ ਦੇ ਬੰਡਲ ਲੈਣ ਲਈ ਦੂਜੇ ਗਰੁੱਪ ਨੇ ਲੜਾਈ ਸ਼ੁਰੂ ਕਰ ਦਿੱਤੀ। ਕੁਝ ਹੀ ਦੇਰ ‘ਚ ਮਾਮਲਾ ਇੰਨਾ ਵਧ ਗਿਆ ਕਿ ਕੈਦੀਆਂ ਨੇ ਇਕ-ਦੂਜੇ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਛੇ ਕੈਦੀ ਜ਼ਖ਼ਮੀ ਹੋ ਗਏ। ਜਿਵੇਂ ਹੀ ਡਿਊਟੀ ‘ਤੇ ਮੌਜੂਦ ਜੇਲ ਕਰਮਚਾਰੀਆਂ ਨੇ ਕੈਦੀਆਂ ਨੂੰ ਆਪਸ ‘ਚ ਲੜਦੇ ਦੇਖਿਆ ਤਾਂ ਉਨ੍ਹਾਂ ਤੁਰੰਤ ਕੈਦੀਆਂ ਨੂੰ ਰੋਕ ਕੇ ਸਥਿਤੀ ‘ਤੇ ਕਾਬੂ ਪਾਇਆ।

ਜ਼ਖਮੀਆਂ ‘ਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਦੇ ਸਿਰ ‘ਤੇ ਪੱਥਰ ਲੱਗਣ ਕਾਰਨ ਸੱਟਾਂ ਲੱਗੀਆਂ ਹਨ। ਇਨ੍ਹਾਂ ਵਿੱਚ ਵਿਕਾਸ ਕੁਮਾਰ, ਬਲਵੀਰ, ਵੀਰ ਅਤੇ ਹਰਸ਼ ਸ਼ਾਮਲ ਹਨ। ਚਾਰਾਂ ਨੂੰ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਬਾਕੀ ਦੋ ਜੇਲ ਹਸਪਤਾਲ ‘ਚ ਜ਼ੇਰੇ ਇਲਾਜ ਹਨ। ਐਸਪੀ (ਜੇਲ੍ਹ) ਨੇ ਮੰਨਿਆ ਕਿ ਇਸ ਝੜਪ ਵਿੱਚ ਹੋਰ ਕੈਦੀ ਵੀ ਸ਼ਾਮਲ ਸਨ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਤ੍ਰਿਪੜੀ ਥਾਣੇ ਦੇ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕੈਦੀਆਂ ਖ਼ਿਲਾਫ਼ ਨਸ਼ਾ ਤਸਕਰੀ ਦੇ ਕੇਸ ਦਰਜ ਕੀਤੇ ਗਏ ਹਨ, ਜਦੋਂਕਿ ਜੇਲ੍ਹ ਹਸਪਤਾਲ ਵਿੱਚ ਦਾਖ਼ਲ ਦੋ ਕੈਦੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਕੈਦੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

LEAVE A REPLY

Please enter your comment!
Please enter your name here