ਪੰਜਾਬ ਨੈੱਟਵਰਕ, ਜਲੰਧਰ
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਾਇਸੰਸੀ ਹਥਿਆਰਾਂ ਦੀ ਸ਼ੁਰੂ ਕੀਤੀ ਸਮੀਖਿਆ ਪ੍ਰਕਿਰਿਆ ਦੌਰਾਨ 391 ਲਾਇਸੰਸ ਸਸਪੈਂਡ ਕਰਦਿਆਂ 438 ਅਸਲਾ ਲਾਇਸੰਸ ਧਾਰਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਅੰਦਰ 7000 ਦੇ ਕਰੀਬ ਅਸਲਾ ਲਾਇਸੰਸ ਹਨ ਜਿਨ੍ਹਾਂ ਦੀ ਅਸਲਾ ਬਰਾਂਚ ਅਤੇ ਪੁਲਿਸ ਵਿਭਾਗ ਵਲੋਂ ਵੱਖ-ਵੱਖ ਪਹਿਲੂਆਂ ਤੋਂ ਪੜਤਾਲ ਉਪਰੰਤ ਵੱਖ-ਵੱਖ ਕਾਰਨਾਂ ਕਰਕੇ 391 ਲਾਇਸੰਸ ਸਸਪੈਂਡ ਕੀਤੇ ਗਏ।
ਉਨ੍ਹਾਂ ਦੱਸਿਆ ਕਿ 438 ਅਸਲਾ ਲਾਇਸੰਸ ਹੋਲਡਰਾਂ ਵਲੋਂ ਸਮੇਂ ਸਿਰ ਲਾਇਸੰਸਾਂ ਦੇ ਨਵਿਆਉਣ ਦੀ ਪ੍ਰਕਿਰਿਆ ਨਾ ਅਪਣਾਉਣ ਕਾਰਨ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਜਿਨਾਂ ਦੇ ਜਵਾਬਾਂ ਨੂੰ ਘੋਖਣ ਉਪਰੰਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਸਲਾ ਬਰਾਂਚ ਅਤੇ ਪੁਲਿਸ ਵਿਭਾਗ ਵਲੋਂ ਬਾਕੀ ਲਾਇਸੰਸਾਂ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ ਤਾਂ ਜੋ ਲੋੜੀਂਦੀ ਪ੍ਰਕਿਰਿਆ ਅਪਣਾਈ ਜਾ ਸਕੇ।
ਉਨ੍ਹਾਂ ਨੇ ਅਸਲਾ ਲਾਇਸੰਸ ਹੋਲਡਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਚੱਲ ਰਹੀ ਪੜਤਾਲ ਵਿੱਚ ਸਬੰਧਿਤ ਅਧਿਕਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਜੋ ਇਹ ਕਾਰਜ ਜਲਦ ਤੋਂ ਜਲਦ ਮੁਕੰਮਲ ਕੀਤਾ ਜਾ ਸਕੇ।