ਵੱਡੀ ਖ਼ਬਰ: ਪੰਜਾਬ ਦੇ ਅਧਿਆਪਕ ਨੇ ਸ਼ਿਮਲਾ ‘ਚ ਖੋਲ੍ਹੀ ਭਗਵੰਤ ਮਾਨ ਸਰਕਾਰ ਦੀ ਪੋਲ, ਪੁਲਿਸ ਵਲੋਂ ਕਈ ਅਧਿਆਪਕਾਂ ਖਿਲਾਫ਼ FIR ਦਰਜ

4106

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਈਟੀਟੀ ਟੈੱਟ ਪਾਸ ਅਧਿਆਪਕ ਐਸੋ: 6505 (ਜੈ ਸਿੰਘ ਵਾਲਾ) ਓ.ਡੀ.ਐੱਲ. ਅਧਿਆਪਕ ਯੂਨੀਅਨ (3442, 7654) ਵਲੋਂ ਕੀਤੇ ਗਏ ਐਲਾਨ ਮੁਤਾਬਿਕ, ਬੀਤੇ ਕੱਲ੍ਹ ਸ਼ਿਮਲਾ (ਹਿਮਾਚਲ ਪ੍ਰਦੇਸ਼) ਵਿਖੇ ਪੰਜਾਬ ਦੀ ‘ਆਪ ਸਰਕਾਰ ਵਿਰੁੱਧ ਪੋਲ ਖੋਲ’ ਧਰਨਾ ਦਿੱਤਾ।

ਵਿਕਰਮ ਦੇਵ ਸਿੰਘ (ਪ੍ਰਧਾਨ, D.T.F.) ਕਮਲ ਠਾਕੁਰ (ਪ੍ਰਧਾਨ, ETT 6505) ਬਲਜਿੰਦਰ ਗਰੇਵਾਲ (ਪ੍ਰਧਾਨ, ੦.D.L) ਨੇ ਦੱਸਿਆ ਕਿ, ਆਮ ਆਦਮੀ ਪਾਰਟੀ ਦੇ ਸਿੱਖਿਆ ਨੂੰ ਪ੍ਰਮੁਖਤਾ ਦੇਣ ਦੇ ਦਾਅਵੇ ਦਾ ਕੱਚ ਸੱਚ ਉਜਾਗਰ ਕਰਨ ਅਤੇ ਦੂਜੇ ਸੂਬਿਆਂ ਵਿਚ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਸਹਾਰੇ ਫੋਕੀ ਇਸ਼ਤਿਹਾਰਬਾਜ਼ੀ ਕਰ ਰਹੀ ਪੰਜਾਬ ਸਰਕਾਰ ਦੇ ਝੂਠੇ ਦਾਅਵਿਆਂ ਦੀ ‘ਪੋਲ ਖੋਲਣ’ ਲਈ ਇਹ ਧਰਨਾ ਦਿੱਤਾ।

ਪੁਲਿਸ ਨਾਲ ਟਕਰਾਅ ਹੋਣ ਦੇ ਬਾਵਜੂਦ ਸ਼ਿਮਲਾ ਰਿਜ਼ ਤੋਂ ਮਾਲ ਰੋਡ ‘ਤੇ ਮਾਰਚ ਕੀਤਾ ਗਿਆ। ਪੁਲਿਸ ਵਲੋਂ ਅਧਿਆਪਕਾਂ ਨੂੰ ਪੁਲਿਸ ਸਟੇਸ਼ਨ ਵਿੱਚ ਨਜ਼ਰਬੰਦ ਕੀਤਾ ਗਿਆ ਅਤੇ ਦੋ ਘੰਟੇ ਬਾਅਦ ਰਿਹਾਅ ਕਰ ਦਿੱਤਾ ਗਿਆ। ਮੰਗਾਂ ਨਾ ਪੂਰੀਆਂ ਹੋਣ ਦੀ ਸੂਰਤ ਵਿੱਚ 6 ਨਵੰਬਰ ਨੂੰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਨੰਦਪੁਰ ਸਾਹਿਬ (ਪੰਜਾਬ) ਰਿਹਾਇਸ਼ ਨੇੜੇ ਵਿਸ਼ਾਲ ਧਰਨਾ ਲਗਾਉਣ ਅਤੇ ਗੁਜਰਾਤ ਵਿੱਚ ਵੀ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਗਈ।

ਇਸ ਮੌਕੇ ਡੀ.ਟੀ.ਐਫ. ਪੰਜਾਬ ਦੇ ਪ੍ਰਧਾਨ ਵਿਕਰਮ ਦੇਵ ਸਿੰਘ, ਓ.ਡੀ.ਐੱਲ. ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜਿੰਦਰ ਗਰੇਵਾਲ ਅਤੇ ਈਟੀਟੀ ਅਧਿਆਪਕ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਠਾਕੁਰ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿੱਚ `ਆਪ` ਦੇ ਚੋਣ ਇੰਚਾਰਜ ਹਰਜੋਤ ਬੈਂਸ ਵਲੋਂ ਪੰਜਾਬ ਵਿਚ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਥਾਂ ਪਹਿਲੀਆਂ ਕਾਂਗਰਸ-ਅਕਾਲੀ-ਬੀ.ਜੇ.ਪੀ. ਸਰਕਾਰਾਂ ਵਾਂਗ ਹੀ ਧਮਕਾਉਣ ਦੀ ਨੀਤੀ ਤੋਂ ਕੰਮ ਲਿਆ ਜਾ ਰਿਹਾ ਹੈ।

ਅਧਿਆਪਕਾਂ ਦੇ ਮਸਲਿਆਂ ਸਬੰਧੀ ਦੱਸਿਆ ਗਿਆ ਕਿ ਪੰਜਾਬ ਦੇ ਸਿੱਖਿਆ ਵਿਭਾਗ ਅਧੀਨ ਸਾਲ 2016 ਵਿੱਚ 4500 ਈ.ਟੀ.ਟੀ. ਅਸਾਮੀਆਂ ‘ਤੇ ਰੈਗੂਲਰ ਭਰਤੀ ਹੋਏ 180 ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਪਿਛਲੇ ਪੰਜ ਸਾਲ ਦੀ ਸਰਵਿਸ ਨੂੰ ਜਬਰੀ ਖਤਮ ਕਰਦਿਆਂ, ਮੁੱਢਲੀ ਭਰਤੀ ਦੀਆਂ ਸੇਵਾ ਸ਼ਰਤਾਂ ਤੋਂ ਵੱਖ ਕਰ ਦਿੱਤਾ ਗਿਆ ਅਤੇ ਦੋ ਸਾਲਾਂ ਦਾ ਪਰਖ ਸਮਾਂ ਸਫ਼ਲਤਾ ਨਾਲ ਪਾਰ ਕਰ ਚੁੱਕੇ ਹੋਣ ਦੇ ਬਾਵਜੂਦ ਮਈ 2021 ਵਿੱਚ ਨਿਯਮਾਂ ਤੋਂ ਉਲਟ ਨਵੇਂ ਨਿਯੁਕਤ ਪੱਤਰ ਜਾਰੀ ਕਰਕੇ ਨਵੇਂ ਸਿਰੇ ਤੋਂ ਪਰਖ ਸਮਾਂ ਅਤੇ ਤਨਖਾਹ ਘਟਾ ਕੇ ਨਵੇਂ ਤਨਖ਼ਾਹ ਸਕੇਲ ਲਾਗੂ ਕਰ ਦਿੱਤੇ ਗਏ ਹਨ।

ਇਸੇ ਤਰ੍ਹਾਂ ਅਧਿਆਪਕਾਂ ਦੀਆਂ 7654, 3442 ਅਤੇ 5178 ਭਰਤੀਆਂ ਦੇ ਬਾਕੀ ਸਾਰੇ ਅਧਿਆਪਕ ਤਿੰਨ ਸਾਲ ਦੀ ਠੇਕਾ ਅਧਾਰਿਤ ਨੌਕਰੀ ਪੂਰੀ ਹੋਣ ਉਪਰੰਤ ਇਸ਼ਤਿਹਾਰ ਅਤੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਤਹਿਤ ਰੈਗੂਲਰ ਹੋ ਚੁੱਕੇ ਹਨ, ਪੰਤੂ 125 ਦੇ ਕਰੀਬ ਓਪਨ ਡਿਸਟੈਂਸ ਲਰਨਿੰਗ ਵਾਲੇ ਅਧਿਆਪਕਾਂ ਨਾਲ ਪੱਖਪਾਤ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਡਿਗਰੀ ਦੇ ਹਵਾਲੇ ਨਾਲ ਰੈਗੂਲਰ ਨਹੀਂ ਕੀਤਾ ਗਿਆ।

ਜਦ ਕਿ ਇਨ੍ਹਾਂ ਤੋਂ ਪਹਿਲਾਂ ਅਤੇ ਬਾਅਦ ਦੀਆਂ ਕਈ ਭਰਤੀਆਂ ਦੇ ਹਜ਼ਾਰਾਂ ਓ.ਡੀ.ਅੇੈੱਲ. ਅਧਿਆਪਕ ਰੈਗੂਲਰ ਅਤੇ ਪ੍ਰਮੋਟ ਵੀ ਕੀਤੇ  ਗਏ ਹਨ। ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਗੁਜਰਾਤ, ਹਿਮਾਚਲ ਅਤੇ ਹੋਰਨਾਂ ਰਾਜਾਂ ਵਿੱਚ ਕਰੋੜਾਂ ਰੁਪਏ ਦੀ ਫੋਕੀ ਇਸ਼ਤਿਹਾਰਬਾਜ਼ੀ ਰਾਹੀਂ, ਪਹਿਲਾਂ ਤੋਂ ਹੀ ਤਿੰਨ ਲੱਖ ਕਰੋੜ ਰੁਪਏ ਦੇ ਕਰਜ਼ੇ ਹੇਠ ਦੱਬੇ ਹੋਏ ਪੰਜਾਬ ਦੇ ਖ਼ਜ਼ਾਨੇ ਨੂੰ ਹੋਰ ਰਗੜੇ ਲਗਾਏ ਜਾ ਰਹੇ ਹਨ।

ਸਿੱਖਿਆ ਦੇ ਖੇਤਰ ਨੂੰ ਪ੍ਰਮੁੱਖਤਾ ਦੱਸਣ ਵਾਲੇ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਹੋਰ ਸਟਾਫ ਦੀਆਂ 25000 ਤੋਂ ਵਧੇਰੇ ਅਸਾਮੀਆਂ ਅਤੇ ਸਿੱਖਿਆ ਅਧਿਕਾਰੀਆਂ ਦੀਆਂ ਵੀ 40 ਫੀਸਦੀ ਪੋਸਟਾਂ ਖਾਲੀ ਹਨ। ਇਸ ਤੋਂ ਇਲਾਵਾ ‘ਆਪ’ ਸਰਕਾਰ ਵਲੋਂ ਨਿੱਜੀਕਰਨ ਅਤੇ ਕੇਂਦਰੀਕਰਨ ਪੱਖੀ ਨਵੀਂ ਸਿੱਖਿਆ ਨੀਤੀ-2020 ਤਹਿਤ ਸਿੱਖਿਆ ਦੇ ਨਿਜੀਕਰਨ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਗੁਰਪਿਆਰ ਕੋਟਲੀ, ਕੁਲਵਿੰਦਰ ਜੋਸ਼ਨ, ਹਰਦੀਪ ਟੋਡਰਪੁਰ, ਲਖਵਿੰਦਰ ਸਿੰਘ, ਪਰਮਿੰਦਰ ਮਾਨਸਾ, ਮਨਜੀਤ ਬਾਬਾ, ਸੋਹਣ ਸਿੰਘ, ਰਾਕੇਸ਼ ਕੁਮਾਰ, ਜਸਵਿੰਦਰ ਸਿੰਘ, ਅਮਨ ਬਰਨਾਲਾ, ਸੰਦੀਪ ਮੋਗਾ, ਪਰਮਜੀਤ ਸਿੰਘ, ਜਤਿੰਦਰ ਸਿੰਘ , ਅਮਨਦੀਪ ਕੌਰ, ਪ੍ਰਭਜੋਤ ਸਿੰਘ, ਮੋਹਨ ਸਿੰਘ ਅਤੇ ਪਰਮਜੀਤ ਕੌਰ ਆਦਿ ਵੀ ਸ਼ਾਮਿਲ ਰਹੇ।

ਦੂਜੇ ਪਾਸੇ, ਜਾਗਰਣ ਦੀ ਖ਼ਬਰ ਦੇ ਮੁਤਾਬਿਕ, ਹਿਮਾਚਲ ਪ੍ਰਦੇਸ਼ ’ਚ ਆਮ ਆਦਮੀ ਪਾਰਟੀ (ਆਪ) ਦੇ ਵਾਅਦਿਆਂ ਤੇ ਚੋਣ ਐਲਾਨਾਂ ਤੋਂ ਨਾਰਾਜ਼ ਪੰਜਾਬ ਦੇ ਅਧਿਆਪਕਾਂ ਨੇ ਐਤਵਾਰ ਨੂੰ ਅਧਿਆਪਕਾਂ ਦੀ ਪੋਲ ਖੋਲ੍ਹ ਰੈਲੀ ਕੀਤੀ। ਨਾਰਾਜ਼ ਅਧਿਆਪਕ ਰਿਜ ਮੈਦਾਨ ਪੁੱਜੇ ਤੇ ਧਰਨੇ ’ਤੇ ਬੈਠ ਗਏ। ਰਿਜ ਮੈਦਾਨ ’ਤੇ ਬਗ਼ੈਰ ਇਜਾਜ਼ਤ ਕੋਈ ਵੀ ਮੁਜ਼ਾਹਰਾ ਨਹੀਂ ਕਰ ਸਕਦਾ। ਪੁਲਿਸ ਅਧਿਆਪਕਾਂ ਨੂੰ ਸਦਨ ਥਾਣੇ ਲੈ ਗਈ। ਅਧਿਆਪਕ ਥਾਣੇ ਦੇ ਬਾਹਰ ਵੀ ਧਰਨੇ ’ਤੇ ਡਟੇ ਰਹੇ। ਥਾਣੇ ’ਚ ਉਨ੍ਹਾਂ ’ਤੇ ਕੇਸ ਦਰਜ ਕੀਤਾ ਗਿਆ।

 

LEAVE A REPLY

Please enter your comment!
Please enter your name here