- ਅਯੋਗ ਪਾਏ ਜਾਣ ਵਾਲੇ ਲਾਭਪਾਤਰੀਆਂ ਦੇ ਨਾਮ ਸਮਾਰਟ ਕਾਰਡਾਂ ਦੀ ਲਿਸਟ ਵਿੱਚੋਂ ਕੱਟੇ ਜਾਣਗੇ : ਅਮਿਤ ਤਲਵਾੜ
ਐਸ.ਏ.ਐਸ ਨਗਰ
ਖੁਰਾਕ ਤੇ ਸਪਲਾਈ ਵਿਭਾਗ ਦੀ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਮੌਜੂਦਾ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਕੀਤੇ ਜਾਣ ਅਤੇ ਅਯੋਗ ਲਾਭਪਾਤਰੀਆਂ ਦਾ ਨਾਮ ਇਸ ਲਿਸਟ ਵਿੱਚੋਂ ਕੱਟਣ ਸਬੰਧੀ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਪ੍ਰਧਾਨਗੀ ਹੇਠ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਸਤਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿਲੀਆ ਹਦਾਇਤਾ ਮੁਤਾਬਿਕ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ 2013 ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਵਿਭਾਗ ਦੇ ਪੋਰਟਲ ਤੇ ਮੌਜੂਦ ਹਰ ਕੈਟੇਗਰੀ ਦੇ ਕਾਰਡਾਂ ਵਿੱਚ ਸ਼ਾਮਲ ਹਰ ਲਾਭਪਾਤਰੀਆਂ ਦੀ ਮੁੜ ਤੋਂ ਵੈਰੀਫਿਕੇਸ਼ਨ ਕੀਤੀ ਜਾਣੀ ਹੈ ਅਤੇ ਅਯੋਗ ਪਾਏ ਜਾਣ ਵਾਲੇ ਲਾਭਪਾਤਰੀਆਂ ਦਾ ਨਾਮ ਲਿਸਟ ਵਿੱਚੋਂ ਕੱਢਿਆ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਕੈਟਾਗਰੀਆਂ ਵਾਲੇ ਲਾਭਪਾਤਰੀਆਂ ਦੀ ਵੈਰੀਫਿਕੇਸਨ ਨਹੀ ਕੀਤੀ ਜਾਣੀ ਉਨ੍ਹਾਂ ਵਿੱਚ ਐਚ.ਆਈ.ਵੀ ਏਡਜ ਪ੍ਰਭਾਵਿਤ, ਫਿਮੇਲ ਸੈਕਸ ਵਰਕਰ ਅਤੇ ਕੋਵਿਡ ਦੇ ਦੌਰਾਨ ਜਿਨ੍ਹਾਂ ਬੱਚਿਆ ਦੇ ਮਾਤਾ ਪਿਤਾ ਜਾਂ ਪਰਿਵਾਰ ਦੇ ਮੁੱਖੀ ਦੀ ਮੌਤ ਹੋ ਗਈ ਹੈ, ਵਾਲੇ ਕੇਸਾਂ ਦੀ ਮੁੜ ਤੋਂ ਵੈਰੀਫਿਕੇਸ਼ਨ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਐਸ.ਏ.ਐਸ ਨਗਰ ਵਿੱਚ ਸਮਾਰਟ ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਕੀਤੇ ਜਾਣ ਲਈ ਪੇਂਡੂ ਖੇਤਰ ਅਤੇ ਸ਼ਹਿਰੀ ਖੇਤਰ ਲਈ ਵੱਖੋ ਵੱਖਰੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰ ਲਈ ਕਮੇਟੀ ਦੇ ਚੇਅਰ ਪਰਸਨ ਉਪ ਮੰਡਲ ਮੈਜਿਸਟ੍ਰੇਟ ਹੋਣਗੇ।
ਜਦਕਿ ਤਹਿਸੀਲਦਾਰ, ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ,ਬੀ.ਡੀ.ਪੀ.ਓ ਅਤੇ ਸੀ.ਡੀ.ਪੀ.ਓ ਇਸ ਕਮੇਟੀ ਦੇ ਮੈਂਬਰ ਹੋਣਗੇ ਇਸੇ ਤਰ੍ਹਾਂ ਸ਼ਹਿਰੀ ਖੇਤਰ ਲਈ ਬਣਾਈ ਗਈ ਕਮੇਟੀ ਵਿੱਚ ਉਪ ਮੰਡਲ ਮੈਜਿਸਟ੍ਰੇਟ ਚੇਅਰ ਪਰਸਨ ਹੋਣਗੇ ਜਦਕਿ ਤਹਿਸੀਲਦਾਰ,ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ,ਈ.ਓ/ ਸਹਾਇਕ ਕਮਿਸ਼ਨਰ ਮਿਉਸੀਪਲ ਕਾਰਪੋਰੇਸ਼ਨ ਅਤੇ ਸੀ.ਡੀ.ਪੀ.ਓ ਇਸ ਕਮੇਟੀ ਵਿੱਚ ਮੈਂਬਰ ਵਜੋਂ ਸ਼ਾਮਲ ਹੋਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਅਵਨੀਤ ਕੌਰ ਐਸ.ਡੀ.ਐਮ ਐਸ.ਏ.ਐਸ ਨਗਰ ਸ੍ਰੀਮਤੀ ਸਰਬਜੀਤ ਕੌਰ,ਐਸ.ਡੀ.ਐਮ ਖਰੜ੍ਹ ਰਵਿੰਦਰ ਸਿੰਘ, ਐਸ.ਡੀ.ਐਮ ਡੇਰਾਬਸੀ ਹਿਮਾਂਸ਼ੂ ਗੁਪਤਾ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਿਲ ਸਨ।