- ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਕਾਰਨ ਕਰਮਚਾਰੀਆਂ ’ਚ ਜ਼ਬਰਦਸਤ ਰੋਸ : ਗੁਰਮੇਲ ਵਿਰਕ
- ਪੁਰਾਣੀ ਪੈਨਸ਼ਨ ਬਹਾਲੀ ਲਈ ਵਿਸ਼ਾਲ ਸੈਮੀਨਾਰ 7 ਅਕਤੂਬਰ ਨੂੰ
- ਪੁਰਾਣੀ ਪੈਨਸ਼ਨ ਹਰ ਹੀਲੇ ਬਹਾਲ ਕਰਾ ਕੇ ਰਹਾਂਗੇ : ਰਵਿੰਦਰ ਸ਼ਰਮਾ
ਪਟਿਆਲਾ
ਸੀ. ਪੀ. ਐਫ. ਕਰਮਚਾਰੀ ਯੂਨੀਅਨ ਵਲੋਂ ਪੁਰਾਣੀ ਪੈਨਸ਼ਨਲ ਸਕੀਮ ਬਹਾਲ ਕਰਾਉਣ ਲਈ ਸੂਬੇ ਭਰ ਵਿਚ ਕਾਨਫਰੰਸਾਂ ਤੇ ਸੈਮੀਨਾਰਾਂ ਦਾ ਸਿਲਸਿਲਾ ਆਰੰਭ ਕੀਤਾ ਹੋਇਆ ਹੈ। ਇਸੇ ਤਰ੍ਹਾਂ ਹੀ ਪਟਿਆਲਾ ਇਕਾਈ ਵਲੋਂ 7 ਅਕਤੂਬਰ ਨੂੰ ਪਟਿਆਲਾ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਾਲ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਇਕਾਈ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੇਲ ਵਿਰਕ ਦੀ ਅਗਵਾਈ ਹੇਠ ਹੋਈ ਤੇ ਸਭ ਤੋਂ ਪਹਿਲਾਂ ਸਰਕਾਰ ਦੇ ਟਾਲ-ਮਟੋਲ ਵਾਲੀ ਰਵੱਈਏ ਤੇ ਰੋਸ ਪ੍ਰਗਟ ਕੀਤਾ ਗਿਆ ਅਤੇ ਨਾਲ ਹੀ ਪਟਿਆਲਾ ਵਿਖੇ ਕੀਤੀ ਜਾਣ ਵਾਲੀ ਕਾਨਫਰੰਸ ਤੇ ਸੈਮੀਨਾਰ ਦੀਆਂ ਤਿਆਰੀਆਂ ’ਤੇ ਚਰਚਾ ਕੀਤੀ ਗਈ।
ਪ੍ਰਧਾਨ ਗੁਰਮੇਲ ਵਿਰਕ ਨੇ ਕਿਹਾ ਕਿ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੇ ਜਾ ਰਹੇ ਵਿਸ਼ਾਲ ਸੈਮੀਨਾਰ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਅਤੇ ਹੋਰ ਆਗੂ ਪਹੁੰਚ ਕੇ ਪੰਜਾਬ ਸਰਕਾਰ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਹੱਕੀ ਮੰਗ ਨਾ ਮੰਨਣ ਦੇ ਵਿਰੋਧ ਵਿਚ ਸਰਕਾਰ ਖਿਲਾਫ ਉਲੀਕੇ ਜਾਣ ਵਾਲੇ ਸੰਘਰਸ਼ਾਂ ਦੀ ਰੂਪ-ਰੇਖਾ ਉਲੀਕਣਗੇ ਅਤੇ ਨਾਲ ਹੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦੀ ਹੱਕ ਪ੍ਰਤੀ ਜਾਗਰੂਕ ਕਰਨਗੇ।
ਪ੍ਰਧਾਨ ਗੁਰਮੇਲ ਵਿਰਕ ਨੇ ਕਿਹਾ ਕਿ ਸੀ. ਪੀ. ਐਫ. ਕਰਮਚਾਰੀ ਯੂਨੀਅਨ ਅਤੇ ਸਮੁੱਚੇ ਮੁਲਾਜ਼ਮ ਵਰਗ ਵਿਚ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਕਾਰਨ ਨਵੀਂ ਸਰਕਾਰ ਖਿਲਾਫ ਜ਼ਬਰਦਸਤ ਰੋਸ ਹੈ। ਉਨ੍ਹਾਂ ਕਿਹਾ ਕਿ ਨਵੀਂ ਪੈਨਸ਼ਨ ਸਕੀਮ ਵਿਚ ਪਹਿਲਾਂ ਫੈਮਿਲੀ ਪੈਨਸ਼ਨ ਸ਼ਾਮਲ ਨਹੀਂ ਸੀ। ਇਹ ਇਸ ਜਥੇਬੰਦੀ ਦੇ ਸੰਘਰਸ਼ਾਂ ਦਾ ਨਤੀਜਾ ਹੈ ਕਿ ਇਸ ਵਿਚ ਫੈਮਿਲੀ ਪੈਨਸ਼ਨ ਤੇ ਐਕਸ ਗ੍ਰੇਸ਼ੀਆ ਗਰੈਚੂਟੀ ਸ਼ਾਮਲ ਕੀਤੀ ਗਈ ਹੈ। ਜ਼ਿਲ੍ਹਾ ਚੇਅਰਮੈਨ ਰਵਿੰਦਰ ਸ਼ਰਮਾ ਨੇ ਕਿਹਾ ਕਿ ਉਹ ਪੁਰਾਣੀ ਪੈਨਸ਼ਨ ਹਰ ਹੀਲੇ ਬਹਾਲ ਕਰਾ ਕੇ ਰਹਿਣਗੇ।
ਇਸ ਲਈ ਉਨ੍ਹਾਂ ਵਲੋਂ ਸਮੂਹ ਮੁਲਾਜ਼ਮ ਸਾਥੀਆਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਤੇ ਜਿਸ ਲਈ ਉਹ ਵੱਖ-ਵੱਖ ਵਿਭਾਗਾਂ ਵਿਚ ਜਾ ਕੇ ਵੀ ਨਵੇਂ ਮੁਲਾਜ਼ਮਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਗੇ। ਇਸ ਮੌਕੇ ਰਵਿੰਦਰ ਸ਼ਰਮਾ ਜ਼ਿਲ੍ਹਾ ਚੇਅਰਮੈਨ, ਟੋਨੀ ਭਾਗਰੀਆ, ਭਗਵਾਨ ਸਿੰਘ, ਕ੍ਰਿਸ਼ਨ ਕੁਮਾਰ ਖਜ਼ਾਨਾ ਵਿਭਾਗ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਬੀ. ਐਂਡ ਆਰ., ਤਰਸੇਮ ਕੁਮਾਰ, ਜਗਤਾਰ ਸਿੰਘ, ਜਗਤਾਰ ਲਾਲ, ਜਸਵਿੰਦਰ ਕੁਮਾਰ, ਜਤਿੰਦਰ ਕੰਬੋਜ, ਸਤਵਿੰਦਰ ਸਿੰਘ, ਜਸਵਿੰਦਰ ਸਿੰਘ, ਬੇਅੰਤ ਸਿੰਘ, ਰਵਿੰਦਰ ਸਿੰਘ, ਅਜੀਤਪਾਲ ਸਿੰਘ ਸਮੇਤ ਹੋਰ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ।