ਚੰਡੀਗਡ਼੍ਹ :
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਛੇ ਮਹੀਨੇ ਪੂਰੇ ਹੋ ਗਏ। ਭਾਰਤੀ ਜਨਤਾ ਪਾਰਟੀ ਨੇ ‘ਆਪ’ ਸਰਕਾਰ ਦੀ ਛੇ ਮਹੀਨੇ ਦੀ ਕਾਰਗੁਜ਼ਾਰੀ ਨੂੰ ਫਲਾਪ ਕਰਾਰ ਦਿੱਤਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ‘ਆਪ’ ਸਰਕਾਰ ਨੇ ਤਾਂ ਵਾਅਦਾ ਕੀਤਾ ਸੀ ਰੰਗਲਾ ਪੰਜਾਬ ਬਣਾਉਣਗੇ।
ਪਰ ਉਸ ਰੰਗਲੇ ਪੰਜਾਬ ’ਚ ਰੰਗ ਆਮ ਲੋਕਾਂ ਦੇ ਖ਼ੂਨ ਦਾ ਹੈ। ਕਾਨੂੰਨ ਦੀ ਸਥਿਤੀ ਇੰਨੀ ਵਿਗਡ਼ ਚੁੱਕੀ ਹੈ ਕਿ ਰੋਜ਼ਾਨਾ ਕਤਲ ਹੋ ਰਹੇ ਹਨ। ਫ਼ਿਰੌਤੀ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਾਅਦਾ ਤਾਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਕੀਤਾ ਸੀ ਪਰ ‘ਆਪ’ ਦੇ ਮੰਤਰੀ ਤੇ ਵਿਧਾਇਕ ਹੀ ਭ੍ਰਿਸ਼ਟਾਚਾਰ ਕਰ ਰਹੇ ਹਨ।
ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ, ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਕੈਬਨਿਟ ’ਚੋਂ ਬਰਖ਼ਾਸਤ ਕੀਤਾ ਪਰ ਫੌਜਾ ਸਿੰਘ ਸਰਾਰੀ ਦੇ ‘ਸੈਟਿੰਗ’ ਵਾਲੀ ਆਡੀਓ ’ਤੇ ਆਪ ਚੁੱਪ ਹੈ।
ਰੋਜ਼ਾਨਾ ‘ਆਪ’ ਦੇ ਵਿਧਾਇਕਾਂ ਦੇ ਭ੍ਰਿਸ਼ਟਾਚਾਰ ਦੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੌਣ ਇਮਾਨਦਾਰ ਹੈ ਤੇ ਕੌਣ ਬੇਈਮਾਨ ਇਹ ਸਿਰਫ਼ ਕੇਜਰੀਵਾਲ ਤੈਅ ਕਰਦੇ ਹਨ। ਉਨ੍ਹਾਂ ਨੂੰ ਲੱਗਾ ਕਿ ਇਮਾਨਦਾਰ ਨਾਲ ਗੱਲ ਨਹੀਂ ਬਣ ਰਹੀ ਹੈ ਤਾਂ ਉਹ ਕੱਟਡ਼ ਇਮਾਨਦਾਰ ਲੈ ਆਏ। ਸ਼ਰਮਾ ਨੇ ਕਿਹਾ ਕਿ 1000 ਰੁਪਏ ਪੰਜਾਬ ਦੀਆਂ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ।
ਵੋਟ ਲੈਣ ਤੋਂ ਬਾਅਦ ਸਰਕਾਰ ਇਸ ’ਤੇ ਚੁੱਪ ਹੈ। ਵਾਅਦਾ ਕੀਤਾ ਸੀ ਕਿ ਨਾਜਾਇਜ਼ ਰੇਤ ਮਾਈਨਿੰਗ ਰੋਕਣਗੇ। ਹਾਈ ਕੋਰਟ ਨੇ ਰੇਤ ਮਾਈਨਿੰਗ ਪਾਲਿਸੀ ’ਤੇ ਹੀ ਰੋਕ ਲਾ ਦਿੱਤੀ। ਅੱਜ ਹਾਲਾਤ ਇਹ ਹਨ ਕਿ ਰੇਤ ਨਾ ਮਿਲਣ ਕਾਰਨ ਸੂਬੇ ’ਚ ਕੰਸਟ੍ਰਕਸ਼ਨ ਦਾ ਕੰਮ ਠੱਪ ਪਿਆ ਹੈ। ਇਸ ਖੇਤਰ ਨਾਲ ਜੁਡ਼ੇ ਲੱਖਾਂ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ।
ਉਨ੍ਹਾਂ ਕਿਹਾ ਕਿ 16000 ਮੁਹੱਲਾ ਕਲੀਨਿਕ ਖੋਲ੍ਹਣ ਦਾ ਵਾਅਦਾ ਕੀਤਾ ਗਿਆ। ਛੇ ਮਹੀਨੇ ’ਚ ਖੋਲ੍ਹੇ 100, ਉਸ ’ਚੋਂ ਵੀ ਡਾਕਟਰ ਛੱਡ ਕੇ ਜਾ ਰਹੇ ਹਨ। ਇਸ ਅਨੁਪਾਤ ’ਚ ਸਰਕਾਰ 5 ਸਾਲਾਂ ’ਚ ਕਿੰਨੇ ਕਲੀਨਿਕ ਖੋਲ੍ਹੇਗੀ। ਸਿਹਤ ਪ੍ਰਤੀ ਸਰਕਾਰ ਦਾ ਨਜ਼ਰੀਆ ਇਸੇ ਗੱਲ ਤੋਂ ਪਤਾ ਲਗਦਾ ਹੈ ਕਿ ਪੰਜਾਬ ’ਚ ਆਯੁਸ਼ਮਾਨ ਯੋਜਨਾ ਬੰਦ ਹੋ ਗਈ ਹੈ।