ਚੰਡੀਗੜ੍ਹ :
ਚੰਡੀਗੜ੍ਹ ’ਚ ਰਾਜ ਵਿਧਾਨ ਸਭਾ ਲਈ ਵੱਖਰੀ ਜਗ੍ਹਾ ਦੀ ਹਰਿਆਣਾ ਵਿਧਾਨ ਸਭਾ ਸਪੀਕਰ ਦੀ ਮੰਗ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਸੁਨੀਲ ਜਾਖੜ ਨੇ ਦੋਵਾਂ ਰਾਜਾਂ ਦੇ ਨੇਤਾਵਾਂ ਨੂੰ ਚੌਕਸ ਕੀਤਾ ਕਿ ਉਹ ਇਸ ਅਤਿ ਸੰਵੇਦਨਸ਼ੀਲ ਮੁੱਦੇ ’ਤੇ ਸਿਆਸੀ ਲਾਭ ਲਈ ਕਿਸੇ ਵੀ ਤਰ੍ਹਾਂ ਦੀ ਗ਼ੈਰ-ਜ਼ਰੂਰੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ।
ਇਸ ਦੀ ਸੂਬੇ ਵਿਚ ਕਲੇਸ਼ ਭੜਕਾਉਣ ਲਈ ਦੁਰਵਰਤੋਂ ਕੀਤੀ ਜਾ ਸਕਦੀ ਹੈ। ਇਹ ਮੰਗ ਪੂੁਰੀ ਤਰ੍ਹਾਂ ਤਰਕਹੀਣ ਅਤੇ ਬੇਬੁਨਿਆਦ ਹੈ, ਉਠਾਇਆ ਹੀ ਨਹੀਂ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹਾਲੇ ਤਕ ਇਹ ਸਮਝ ਨਹੀਂ ਆਇਆ ਕਿ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਰੂਪ ਵਿਚ ਆਪਣੇ ਹਰਿਆਣਾ ਹਮ-ਅਹੁਦਾ ਵਾਂਗ ਵੱਖਰੀ ਜਗ੍ਹਾ ਦੀ ਮੰਗ ਕਿਉਂ ਉਠਾਈ ਸੀ।
ਅਜਿਹੀ ਮੰਗ ਕਰਕੇ ਮਾਨ ਨੇ ਨਾ ਕੇਵਲ ਪੰਜਾਬ ਦੇ ਮੁੱਦਿਆਂ ਬਾਰੇ ਸਿਆਸੀ ਅੰਤਰ ਦ੍ਰਿਸ਼ਟੀ ਦੀ ਗੰਭੀਰ ਕਮੀ ਦਾ ਪ੍ਰਦਰਸ਼ਨ ਕੀਤਾ, ਬਲਕਿ ਹਰਿਆਣਾ ਦੀ ਵਿਅਰਥ ਮੰਗ ਨੂੰ ਵੀ ਬਲ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਹੈਰੀਟੇਜ ਬਿਲਡਿੰਗ ਵਿਧਾਨ ਸਭਾ ਦੀ ਦੋਵੇਂ ਰਾਜ ਵਾਰੀ-ਵਾਰੀ ਵਰਤੋਂ ਕਿਉਂ ਨਹੀਂ ਕਰਦੇ। ਅਜਿਹਾ ਕਰਨ ਨਾਲ ਦੋਵਾਂ ਰਾਜਾਂ ਨੂੰ ਪੂਰੀ ਇਮਾਰਤ ਮੁਹੱਈਆ ਹੋ ਸਕਦੀ ਹੈ। ਪਹਿਲੇ 15 ਦਿਨ ਇਕ ਰਾਜ ਇਸ ਦੀ ਵਰਤੋਂ ਕਰੇ ਤੇ ਫਿਰ ਅਗਲੇ 15 ਦਿਨ ਦੂਸਰਾ ਰਾਜ।