Breaking- ਪੰਜਾਬ ਪੁਲਿਸ ਦੇ ਸਬ-ਇੰਸਪੈਕਟਰ ਦੀ ਗੱਡੀ ਹੇਠਾਂ ਬੰਬ ਲਾਉਣ ਵਾਲੇ 7 ਗ੍ਰਿਫਤਾਰ

704

ਚੰਡੀਗੜ੍ਹ/ਅੰਮ੍ਰਿਤਸਰ

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ  ਇੱਥੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਸਬ-ਇੰਸਪੈਕਟਰ ਦੀ ਕਾਰ ਦੇ ਹੇਠਾਂ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਲਗਾਉਣ ਵਾਲੇ ਵਿਅਕਤੀ ਸਮੇਤ ਸੱਤ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ, ਪੰਜਾਬ ਪੁਲਿਸ ਨੇ ਸਰਹੱਦੀ ਸੂਬੇ ਵਿੱਚ ਸ਼ਾਂਤੀ ਭੰਗ ਕਰਨ ਲਈ ਕੰਮ ਕਰ ਰਹੇ ਅੱਤਵਾਦੀ-ਗੈਂਗਸਟਰਾਂ ਦੇ ਗਠਜੋੜ ਦੇ ਇੱਕ ਹੋਰ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਦੱਸਣਯੋਗ ਹੈ ਕਿ ਇਸ ਸਾਜਿਸ਼ ਪਿੱਛੇ ਕੈਨੇਡਾ ਆਧਾਰਤ ਗੈਂਗਸਟਰ ਲਖਬੀਰ ਸਿੰਘ ਉਰਫ਼ ਲੰਡਾ ਦਾ ਹੱਥ ਹੋਣ ਦਾ ਪਤਾ ਲੱਗਿਆ ਹੈ।

16 ਅਗਸਤ, 2022 ਨੂੰ  ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਸੀ-ਬਲਾਕ ਰਣਜੀਤ ਐਵੀਨਿਊ, ਅੰਮ੍ਰਿਤਸਰ ਦੇ ਖੇਤਰ ਵਿੱਚ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਰਿਹਾਇਸ਼ ਦੇ ਬਾਹਰ ਖੜੀ ਐਸਯੂਵੀ ਬੋਲੈਰੋ (ਪੀਬੀ02-ਸੀਕੇ-0800) ਦੇ ਹੇਠਾਂ ਇੱਕ ਆਈ.ਈ.ਡੀ. ਲਗਾਇਆ ਸੀ। ਸਥਾਨਕ ਪੁਲਿਸ ਨੇ ਮੌਕੇ ਤੋਂ ਕਰੀਬ 2.79 ਕਿਲੋਗ੍ਰਾਮ ਵਜ਼ਨ ਵਾਲਾ ਮੋਬਾਇਲ ਫੋਨ-ਟਰਿਗਰਿੰਗ ਆਈ.ਈ.ਡੀ. ਅਤੇ 2.17 ਕਿਲੋਗ੍ਰਾਮ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ।

ਕਾਰ ਦੇ ਹੇਠਾਂ ਪ੍ਰੀਫੈਬਰੀਕੇਟਿਡ ਆਈ.ਈ.ਡੀ. ਲਗਾਉਣ ਵਾਲੇ ਗ੍ਰਿਫਤਾਰ ਵਿਅਕਤੀ ਦੀ ਪਛਾਣ ਤਰਨਤਾਰਨ ਦੇ ਪਿੰਡ ਪੱਟੀ ਦੇ ਦੀਪਕ (22) ਵਜੋਂ ਹੋਈ ਹੈ, ਜਦੋਂ ਕਿ ਲੌਜਿਸਟਿਕ, ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੇ 6 ਹੋਰ ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਪਿੰਡ ਸਭਰਾ ਤਰਨਤਾਰਨ ਦੇ ਵਾਸੀ ਹਰਪਾਲ ਸਿੰਘ (ਪੰਜਾਬ ਪੁਲਿਸ ਵਿੱਚ ਕਾਂਸਟੇਬਲ) ਅਤੇ ਫਤਿਹਦੀਪ ਸਿੰਘ; ਹਰੀਕੇ ਤਰਨਤਾਰਨ ਦੇ ਵਾਸੀ ਰਜਿੰਦਰ ਕੁਮਾਰ ਉਰਫ਼ ਬਾਊ; ਭਿੱਖੀਵਿੰਡ ਦੇ ਰਹਿਣ ਵਾਲੇ ਖੁਸ਼ਹਾਲਬੀਰ ਸਿੰਘ ਉਰਫ ਚਿੱਟੂ, ਵਰਿੰਦਰ ਸਿੰਘ ਉਰਫ ਅੱਬੂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ । ਵਰਿੰਦਰ ਅਤੇ ਗੋਪੀ, ਜੋ ਕਿ ਗੋਇੰਦਵਾਲ ਜੇਲ੍ਹ ਵਿੱਚ ਬੰਦ ਸਨ ਅਤੇ ਲੰਡਾ ਦੇ ਕਰੀਬੀ ਹਨ, ਨੇ ਨਿਰਧਾਰਤ ਥਾਂ ਤੋਂ ਆਈਈਡੀ ਪ੍ਰਾਪਤ ਕਰਨ ਲਈ ਖੁਸ਼ਹਾਲਬੀਰ ਦੀ ਮਦਦ ਲਈ ਸੀ।

ਪੁਲੀਸ ਨੇ ਮੁਲਜ਼ਮਾਂ ਕੋਲੋਂ ਦੀਪਕ ਵੱਲੋਂ ਆਈਈਡੀ ਲਾਉਣ ਲਈ ਵਰਤਿਆ ਗਿਆ ਹੀਰੋ ਐਚਐਫ-100 ਮੋਟਰਸਾਈਕਲ (ਪੀਬੀ38ਈ2670) ਅਤੇ ਪੰਜ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਫਤਿਹਦੀਪ ਅਤੇ ਹਰਪਾਲ ਦੇ ਕਬਜ਼ੇ ’ਚੋਂ 2.52 ਲੱਖ ਰੁਪਏ ਅਤੇ 3614 ਯੂਐਸ ਡਾਲਰ, 220 ਯੂਰੋ, 170 ਪੌਂਡ ਅਤੇ ਪਾਸਪੋਰਟ ਬਰਾਮਦ ਕੀਤੇ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਘਟਨਾ ਦੇ ਅਗਲੇ ਹੀ ਦਿਨ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਰਪਾਲ ਅਤੇ ਫਤਿਹਦੀਪ, ਜੋ ਮਾਲਦੀਵ ਫਰਾਰ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਦੀ ਗ੍ਰਿਫਤਾਰੀ ਨਾਲ ਇਸ ਮਾਮਲੇ ਵਿੱਚ ਪਹਿਲੀ ਸਫਲਤਾ ਮਿਲੀ ।

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਵਿੱਚ ਰਜਿੰਦਰ ਬਾਊ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ, ਜੋ ਕਿ ਕੋਵਿਡ-19 ਟੀਕਾਕਰਨ ਸਬੰਧੀ ਸਰਟੀਫਿਕੇਟ ਨਾ ਹੋਣ ਕਰਕੇ, ਭਾਰਤ ਤੋਂ ਭੱਜਣ ਵਿੱਚ ਅਸਫਲ ਰਹਿਣ ਤੋਂ ਬਾਅਦ ਸ਼ਿਰਡੀ ਭੱਜ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਬਾਊ ਨੂੰ 20 ਅਗਸਤ, 2022 ਨੂੰ ਏਟੀਐਸ ਮੁੰਬਈ ਦੀ ਸਹਾਇਤਾ ਨਾਲ ਗ੍ਰਿਫਤਾਰ ਕੀਤਾ ਗਿਆ ਸੀ।

ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਜੇਲ੍ਹ ਦੇ ਦੋ ਕੈਦੀਆਂ ਵਰਿੰਦਰ ਅਤੇ ਗੁਰਪ੍ਰੀਤ ਦੀ ਭੂਮਿਕਾ ਦਾ ਪਤਾ ਚੱਲਿਆ, ਜਿਨ੍ਹਾਂ ਨੇ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਲੰਡਾ ਦੇ ਨਿਰਦੇਸ਼ਾਂ ‘ਤੇ ਆਈਈਡੀ ਪ੍ਰਾਪਤ ਕਰਨ ਅਤੇ ਇਸਨੂੰ ਦੀਪਕ ਅਤੇ ਉਸ ਦੇ ਸਾਥੀ ਨੂੰ ਸੌਂਪਣ ਲਈ ਖੁਸ਼ਹਾਲਬੀਰ ਚਿੱਟੂ ਅਤੇ ਫਤਿਹਦੀਪ ਦੀ ਮਦਦ ਲਈ ਸੀ, ਫਿਰ ਦੀਪਕ ਅਤੇ ਉਸਦੇ ਸਾਥੀ ਵੱਲੋਂ ਇਹ ਆਈਈਡੀ ਸਬ ਇੰਸਪੈਕਟਰ ਦੀ ਕਾਰ  ਹੇਠਾਂ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਖੁਸ਼ਹਾਲਬੀਰ ਨੂੰ 21 ਅਗਸਤ, 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਡੀਜੀਪੀ ਨੇ ਕਿਹਾ ਕਿ ਖੁਸ਼ਹਾਲਬੀਰ ਫਤਿਹਦੀਪ ਦੇ ਨਾਲ ਲੰਡਾ ਦੁਆਰਾ ਦੱਸੇ ਗਏ ਸਥਾਨ ਤੋਂ ਆਈਈਡੀ ਲੈਣ ਲਈ ਗਿਆ ਸੀ, ਜੋ ਉਨ੍ਹਾਂ ਨੂੰ ਵੀਡੀਓ ਚੈਟ ਰਾਹੀਂ ਸਥਾਨ ‘ਤੇ ਜਾਣ ਬਾਰੇ ਸਮਝਾ ਰਿਹਾ ਸੀ। ਉਨ੍ਹਾਂ ਕਿਹਾ ਕਿ 16 ਤਰੀਕ ਦੀ ਸਵੇਰ ਨੂੰ ਲੰਡਾ ਦੇ ਨਿਰਦੇਸ਼ਾਂ ‘ਤੇ ਹਰਪਾਲ, ਫਤਿਹਦੀਪ ਅਤੇ ਰਜਿੰਦਰ ਬਾਊ ਰਣਜੀਤ ਐਵੀਨਿਊ ਖੇਤਰ ਵਿੱਚ ਗਏ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਆਈਈਡੀ ਦਾ ਧਮਾਕਾ ਕਰਨ ਲਈ ਸਭ ਕੁਝ ਠੀਕ ਹੈ। ਲੰਡਾ ਤਿੰਨਾਂ ਤੋਂ ਜਾਣਕਾਰੀ ਲੈ ਕੇ ਸਾਰੀ ਕਾਰਵਾਈ ਦੀ ਨਿਗਰਾਨੀ ਕਰ ਰਿਹਾ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦੀਪਕ, ਫਤਿਹਦੀਪ, ਰਜਿੰਦਰ ਬਾਊ ਅਤੇ ਹਰਪਾਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ ਅਤੇ ਲੰਡਾ ਨੇ ਉਨ੍ਹਾਂ ਨੂੰ ਦੂਜੇ ਦੇਸ਼ਾਂ ਰਾਹੀਂ ਗੈਰ-ਕਾਨੂੰਨੀ ਤੌਰ ‘ਤੇ ਵਿਦੇਸ਼ਾਂ ਖਾਸ ਕਰਕੇ ਕੈਨੇਡਾ ਵਿੱਚ ਵਸਾਉਣ ਦੇ ਵਾਅਦੇ ਨਾਲ ਅੱਤਵਾਦੀ ਗਤੀਵਿਧੀਆਂ ਕਰਨ ਲਈ ਪ੍ਰੇਰਿਆ ਸੀ।

ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਅਰੁਣ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੀਪਕ ਦੇ ਸਾਥੀ ਦੀ ਵੀ ਪਛਾਣ ਕਰ ਲਈ ਹੈ, ਜੋ ਕਿ ਆਈਈਡੀ ਲਗਾਉਣ ਲਈ ਉਸ ਦੇ ਨਾਲ ਮੋਟਰਸਾਈਕਲ ‘ਤੇ ਗਿਆ ਸੀ। ਇਸ ਤੋਂ ਇਲਾਵਾ ਮੋਟਰਸਾਈਕਲ ਦੇ ਮਾਲਕ ਅਤੇ ਮੋਟਰਸਾਈਕਲ ਦਾ ਪ੍ਰਬੰਧ ਕਰਨ ਵਾਲੇ ਵਿਅਕਤੀ ਦੀ ਪਛਾਣ ਕਿਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਜਲਦੀ ਹੀ ਉਹ ਸਲਾਖਾਂ ਪਿੱਛੇ ਹੋਣਗੇ।

ਜ਼ਿਕਰਯੋਗ ਹੈ ਕਿ ਕਾਂਸਟੇਬਲ ਹਰਪਾਲ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਭੂਮਿਕਾ ਲਈ ਜਲਦ ਹੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ। ਥਾਣਾ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 3, 4 ਅਤੇ 5 ਦੇ ਤਹਿਤ ਐਫਆਈਆਰ ਨੰਬਰ 152 ਮਿਤੀ 16.08.2022 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਲਖਬੀਰ ਲੰਡਾ (33), ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ ਅਤੇ 2017 ਵਿੱਚ ਕੈਨੇਡਾ ਭੱਜ ਗਿਆ ਸੀ, ਨੇ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੈਲਡ ਗ੍ਰੇਨੇਡ (ਆਰਪੀਜੀ) ਅੱਤਵਾਦੀ ਹਮਲੇ ਦੀ ਵੀ ਸਾਜ਼ਿਸ਼ ਰਚੀ ਸੀ। ਉਹ ਪਾਕਿਸਤਾਨ ਆਧਾਰਤ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ, ਜਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਹੱਥ ਮਿਲਾਇਆ ਸੀ।

LEAVE A REPLY

Please enter your comment!
Please enter your name here