ਪੰਜਾਬ ਨੈੱਟਵਰਕ, ਚੰਡੀਗੜ੍ਹ–
ਮੁਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਦੇਰ ਰਾਤ 2 ਵਜੇ ਸ਼ੁਰੂ ਹੋਇਆ ਹੰਗਾਮਾ ਸਵੇਰ ਤੱਕ ਚੱਲਦਾ ਰਿਹਾ। ਇੱਥੇ ਇੱਕ ਲੜਕੀ ਉੱਤੇ ਇਲਜ਼ਾਮ ਹੈ ਕਿ ਉਸ ਨੇ ਹੋਸਟਲ ਦੇ 5 ਤੋਂ 6 ਵਿਦਿਆਰਥੀਆਂ ਦੀ ਨਹਾਉਂਦੇ ਸਮੇਂ ਵੀਡੀਓ ਬਣਾ ਕੇ ਆਪਣੇ ਜਾਣਕਾਰ ਲੜਕੇ ਨੂੰ ਭੇਜ ਦਿੱਤੀ। ਇਸ ਮਾਮਲੇ ਨੂੰ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਹੰਗਾਮਾ ਕਰ ਦਿੱਤਾ।
ਇਸ ਤੋਂ ਬਾਅਦ ਐਮਐਮਐਸ ਬਣਾਉਣ ਵਾਲੀ ਲੜਕੀ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਇਸ ਲੜਕੀ ਖ਼ਿਲਾਫ਼ ਐਫਆਈਆਰ ਵੀ ਦਰਜ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਕੀ ਕਾਫੀ ਸਮੇਂ ਤੋਂ ਲੜਕੀਆਂ ਦੇ ਨਹਾਉਣ ਦੀ ਵੀਡੀਓ ਬਣਾ ਕੇ ਆਪਣੇ ਜਾਣਕਾਰ ਨੌਜਵਾਨ ਨੂੰ ਭੇਜਦੀ ਸੀ।
ਮਾਮਲਾ ਉਦੋਂ ਵਧਿਆ ਜਦੋਂ ਨੌਜਵਾਨ ਨੇ ਇਹ ਵੀਡੀਓ ਇੰਟਰਨੈੱਟ ‘ਤੇ ਪਾ ਦਿੱਤੀਆਂ, ਜੋ ਵਾਇਰਲ ਹੋ ਗਈਆਂ। ਜਦੋਂ ਵਿਦਿਆਰਥੀਆਂ ਨੇ ਇੰਟਰਨੈੱਟ ‘ਤੇ ਉਨ੍ਹਾਂ ਦੀਆਂ ਵੀਡੀਓਜ਼ ਦੇਖੀਆਂ ਤਾਂ ਉਹ ਹੱਕੇ-ਬੱਕੇ ਰਹਿ ਗਏ। ਇਸ ਦੇ ਨਾਲ ਹੀ ਯੂਨੀਵਰਸਿਟੀ ਮੈਨੇਜਮੈਂਟ ‘ਤੇ ਮਾਮਲੇ ਨੂੰ ਦਬਾਉਣ ਦਾ ਵੀ ਦੋਸ਼ ਹੈ।
ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਮੈਨੇਜਮੈਂਟ ਨੂੰ ਸ਼ਿਕਾਇਤ ਕੀਤੀ ਸੀ, ਪਰ ਮੈਨੇਜਮੈਂਟ ਨੇ ਇਸ ਮਾਮਲੇ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਨਾਰਾਜ਼ ਵਿਦਿਆਰਥੀਆਂ ਨੇ ਬੀਤੀ ਰਾਤ ਯੂਨੀਵਰਸਿਟੀ ਦਾ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਹੰਗਾਮਾ ਹੁੰਦਾ ਦੇਖ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਅਤੇ ਮੌਕੇ ‘ਤੇ ਬੁਲਾਇਆ ਗਿਆ।
ਹੰਗਾਮਾ ਇੰਨਾ ਵੱਧ ਗਿਆ ਕਿ ਸੁਰੱਖਿਆ ਗਾਰਡ ਨੇ ਮੁੱਖ ਗੇਟ ਬੰਦ ਕਰ ਦਿੱਤਾ ਅਤੇ ਪੁਲਸ ਫੋਰਸ ਨੂੰ ਮੌਕੇ ‘ਤੇ ਬੁਲਾਇਆ ਗਿਆ। ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਪੁਲੀਸ ਦੀ ਪੀਸੀਆਰ ਵੈਨ ਨੂੰ ਉਲਟਾ ਦਿੱਤਾ ਅਤੇ ਪੁਲੀਸ ਨੂੰ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਨਾ ਪਿਆ।
ਫਿਲਹਾਲ ਪੁਲਸ ਨੇ ਦੋਸ਼ੀ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ‘ਤੇ ਪੁਲਿਸ ਦਾ ਕਹਿਣਾ ਹੈ ਕਿ ਜਿਸ ਲੜਕੇ ਨੂੰ ਇਹ ਵੀਡੀਓ ਭੇਜੀ ਗਈ ਹੈ, ਉਸ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।