ਜਲੰਧਰ-
ਪੰਜਾਬ ਤੋਂ ਇਕ ਵਾਰ ਫਿਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਜਲੰਧਰ ਦੇ ਡੀਏਵੀ ਕਾਲਜ ਵਿਚ ਬੀਸੀਏ ਦੀ ਪੜ੍ਹਾਈ ਕਰ ਰਹੇ ਇੱਕ ਵਿਦਿਆਰਥੀ ਦੇ ਵਲੋਂ ਖੁਦਕੁਸ਼ੀ ਕਰ ਲਈ ਗਈ।
ਮ੍ਰਿਤਕ ਵਿਦਿਆਰਥੀ ਦੀ ਪਛਾਣ ਸ਼ਿਵਮ ਮਲਹੋਤਰਾ ਪੁੱਤਰ ਜਤਿੰਦਰ ਮਲਹੋਤਰਾ ਵਜੋਂ ਹੋਈ ਹੈ।
ਜਾਗਰਣ ਦੀ ਖ਼ਬਰ ਮੁਤਾਬਿਕ, ਸ਼ਿਵਮ ਦੇ ਪਿਤਾ ਜਤਿੰਦਰ ਮਲਹੋਤਰਾ ਦਾ ਦੋਸ਼ ਹੈ ਕਿ ਬੇਟੇ ਨੇ ਪ੍ਰਿੰਸੀਪਲ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ ਹੈ।
ਇਸ ਤੋਂ ਬਾਅਦ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਨੇ ਆਪਣੇ ਸਾਥੀਆਂ ਨਾਲ ਡੀਏਵੀ ਕਾਲਜ ਦੇ ਬਾਹਰ ਧਰਨਾ ਦਿੱਤਾ। ਇਸ ਕਾਰਨ ਲੰਬਾ ਜਾਮ ਲੱਗ ਗਿਆ।
ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਸ਼ਿਵਮ ਦੇ ਪਿਤਾ ਜਤਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਬੀਸੀਏ ਸੈਕੰਡ ਈਅਰ ਦਾ ਵਿਦਿਆਰਥੀ ਹੈ।
ਕਾਲਜ ਦੇ ਹੀ ਕੁਝ ਮੁੰਡਿਆਂ ਨਾਲ ਉਸ ਦੀ ਲੜਾਈ ਹੋ ਗਈ ਸੀ। ਇਸ ਸਬੰਧੀ ਕਾਲਜ ਪ੍ਰਿੰਸੀਪਲ ਤੇ ਡੀਨ ਵੱਲੋਂ ਲੜਕੇ ‘ਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ।
ਉਨ੍ਹਾਂ ਦੱਸਿਆ ਕਿ ਉਹ ਪ੍ਰਿੰਸੀਪਲ ਨੂੰ ਅਪੀਲ ਕਰਦਾ ਰਿਹਾ ਕਿ ਉਸ ਦੇ ਲੜਕੇ ਦਾ ਭਵਿੱਖ ਖਰਾਬ ਹੋ ਜਾਵੇਗਾ ਪਰ ਉਨ੍ਹਾਂ ਕੋਈ ਗੱਲ ਨਹੀਂ ਸੁਣੀ।