ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਅੰਦਰ ਤਾਲੀਬਾਨੀ ਕਾਰੇ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿਚ ਇੱਕ ਨੌਜਵਾਨ ਦੀਆਂ ਕੁਝ ਲੋਕਾਂ ਦੇ ਵਲੋਂ ਫੜ ਕੇ ਤੇਜ਼ਧਾਰ ਹਥਿਆਰ ਦੇ ਨਾਲ ਉਂਗਲਾਂ ਵੱਢੀਆਂ ਜਾ ਰਹੀਆਂ ਹਨ।
ਇਹ ਘਟਨਾ ਮੋਹਾਲੀ ਦੇ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ। ਉਥੇ ਹੀ ਹਰਕਤ ਵਿਚ ਆਉਂਦੇ ਹੋਏ ਮੋਹਾਲੀ ਪੁਲਿਸ ਦੇ ਵਲੋਂ ਚਾਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਵੀ ਕਰ ਲਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਮੁਤਾਬਿਕ, ਇੱਕ ਨੌਜਵਾਨ ਨੂੰ ਫੜ ਕੇ ਕੁੱਝ ਲੋਕ ਉਹਦੀਆਂ ਉਂਗਲਾਂ ਵੱਢ ਰਹੇ ਹਨ।
ਹਾਲਾਂਕਿ ਉਂਗਲਾਂ ਵੱਢਣ ਵਾਲਿਆਂ ਵਿਚੋਂ ਕਿਸੇ ਨੂੰ ਵੀ ਪੁਲਿਸ ਫੜ ਨਹੀਂ ਸਕੀ, ਜਦੋਂਕਿ ਜਿਸ ਨੌਜਵਾਨ ਦੀਆਂ ਉਂਗਲਾਂ ਵੱਢੀਆਂ ਗਈਆਂ ਹਨ, ਉਹ ਹੁਣ ਮੀਡੀਆ ਸਾਹਮਣੇ ਆਇਆ ਹੈ। ਹਰਦੀਪ ਸਿੰਘ ਉਰਫ਼ ਰਾਜੂ ਨੇ ਦੱਸਿਆ ਕਿ, ਕੁੱਝ ਲੋਕਾਂ ਦੇ ਵਲੋਂ ਪਿਛਲੇ ਦਿਨੀਂ ਉਹਨੂੰ ਕਿਡਨੈਪ ਕਰ ਲਿਆ ਗਿਆ ਸੀ।
ਉਸ ਤੋਂ ਬਾਅਦ ਉਹਨੂੰ ਕਿਸੇ ਅਣਦੱਸੀ ਜਗ੍ਹਾ ਤੇ ਲੈ ਗਏ, ਜਿਥੇ ਪਹਿਲੋਂ ਕੁੱਝ ਵਿਅਕਤੀ ਮੌਜੂਦ ਸਨ, ਨੇ ਉਹਨੂੰ ਫੜ ਕੇ ਉਹਦੀਆਂ ਉਂਗਲਾਂ ਵੱਢ ਦਿੱਤੀਆਂ।
ਰਾਜੂ ਨੇ ਦੱਸਿਆ ਕਿ, ਉਹ ਬੜੀ ਮੁਸ਼ਕਲ ਨਾਲ ਉਕਤ ਲੋਕਾਂ ਦੇ ਜਾਲ ਵਿਚੋਂ ਨਿਕਲ ਕੇ ਆਇਆ। ਪਰਿਵਾਰ ਵੱਲੋਂ ਉਹਨੂੰ ਪੀਜੀਆਈ ਦਾਖਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਂਗਲਾਂ ਜੋੜਨ ਦੀ ਕੋਸਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕੇ।
ਜ਼ਖਮੀ ਨੌਜਵਾਨ ਹਰਦੀਪ ਸਿੰਘ ਉਰਫ਼ ਰਾਜੂ ਅਤੇ ਉਹਦੇ ਪਰਿਵਾਰ ਵਾਲਿਆਂ ਨੇ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ, ਦੋਸ਼ੀਆਂ ਖਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ, ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆ ਹਰਿੰਦਰ ਸਿੰਘ ਮਾਨ ਡੀਐਸਪੀ ਮੋਹਾਲੀ ਨੇ ਕਿਹਾ ਕਿ, ਦਰਖ਼ਾਸਤਕਰਤਾ ਹਰਦੀਪ ਰਾਜੂ ਦੇ ਬਿਆਨਾਂ ਦੇ ਆਧਾਰ ਤੇ ਚਾਰ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।