- ਡੀਐਸਪੀ ਪਵਨ ਕੁਮਾਰ, ਏਐਸਆਈ ਹਰਜਿੰਦਰ ਸਿੰਘ ਖ਼ਿਲਾਫ਼ ਵੀ ਸਹਿ-ਮੁਲਜ਼ਮਾਂ ਵਜੋਂ ਕੇਸ ਦਰਜ
ਚੰਡੀਗੜ
ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਸਹਾਇਕ ਇੰਸਪੈਕਟਰ ਜਨਰਲ ਆਫ ਪੁਲਿਸ (ਏ.ਆਈ.ਜੀ.) ਅਸ਼ੀਸ਼ ਕਪੂਰ, ਪੀ.ਪੀ.ਐਸ., ਜੋ ਕਿ ਹੁਣ ਕਮਾਂਡੈਂਟ, ਚੌਥੀ ਆਈ.ਆਰ.ਬੀ, ਪਠਾਨਕੋਟ ਦੇ ਅਹੁਦੇ ‘ਤੇ ਤਾਇਨਾਤ ਹੈ, ਨੂੰ ਵੱਖ-ਵੱਖ ਚੈੱਕਾਂ ਰਾਹੀਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਹੈ। ਇਸ ਮੁਕੱਦਮੇ ਵਿੱਚ ਡੀਐਸਪੀ ਇੰਟੈਲੀਜੈਂਸ ਪਵਨ ਕੁਮਾਰ ਅਤੇ ਏਐਸਆਈ ਹਰਜਿੰਦਰ ਸਿੰਘ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਓਰੋ ਨੇ ਉਪਰੋਕਤ ਤਿੰਨੇ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਵਧੇਰੇ ਜਾਣਕਾਰੀ ਦਿੰਦੇ ਹੋਏ ਉਨਾਂ ਦੱਸਿਆ ਕਿ ਸਾਲ 2016 ਵਿੱਚ ਕੇਂਦਰੀ ਜੇਲ, ਅੰਮ੍ਰਿਤਸਰ ਵਿਖੇ ਬਤੌਰ ਸੁਪਰਡੈਂਟ ਜੇਲ ਤਾਇਨਾਤੀ ਦੌਰਾਨ ਆਸ਼ੀਸ਼ ਕਪੂਰ ਦੀ ਜਾਣ-ਪਛਾਣ ਸੈਕਟਰ 30, ਕੁਰੂਕਸ਼ੇਤਰ, ਹਰਿਆਣਾ ਦੀ ਪੂਨਮ ਰਾਜਨ ਨਾਮਕ ਔਰਤ ਨਾਲ ਹੋ ਗਈ ਸੀ, ਜੋ ਕਿ ਕਿਸੇ ਕੇਸ ਵਿੱਚ ਜੇਲ ਵਿੱਚ ਜੁਡੀਸ਼ੀਅਲ ਰਿਮਾਂਡ ਅਧੀਨ ਸੀ।
ਜਦੋਂ ਪੂਨਮ ਰਾਜਨ ਆਪਣੀ ਮਾਂ ਪ੍ਰੇਮ ਲਤਾ, ਭਰਾ ਕੁਲਦੀਪ ਸਿੰਘ ਅਤੇ ਭਰਜਾਈ ਪ੍ਰੀਤੀ ਸਮੇਤ ਥਾਣਾ ਜ਼ੀਰਕਪੁਰ ਵਿਖੇ ਆਈ.ਪੀ.ਸੀ ਦੀ ਧਾਰਾ 420/120-ਬੀ ਤਹਿਤ ਦਰਜ ਐਫ.ਆਈ.ਆਰ ਨੰਬਰ 151/2018 ਵਿਚ ਪੁਲਿਸ ਰਿਮਾਂਡ ‘ਤੇ ਸੀ ਤਾਂ ਉਦੋਂ ਆਸ਼ੀਸ਼ ਕਪੂਰ ਥਾਣਾ ਜ਼ੀਰਕਪੁਰ ਵਿਖੇ ਗਿਆ ਅਤੇ ਧੋਖੇ ਨਾਲ ਪੂਨਮ ਰਾਜਨ ਦੀ ਮਾਂ ਪ੍ਰੇਮ ਲਤਾ ਨੂੰ ਜ਼ਮਾਨਤ ਦਿਵਾਉਣ ਅਤੇ ਅਦਾਲਤ ਤੋਂ ਬਰੀ ਕਰਾਉਣ ਵਿਚ ਮੱਦਦ ਕਰਨ ਲਈ ਰਾਜ਼ੀ ਕਰ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਅਸ਼ੀਸ਼ ਕਪੂਰ ਨੇ ਥਾਣਾ ਜ਼ੀਰਕਪੁਰ ਦੇ ਤੱਤਕਾਲੀ ਐਸਐਚਓ ਪਵਨ ਕੁਮਾਰ, ਅਤੇ ਏਐਸਆਈ ਹਰਜਿੰਦਰ ਸਿੰਘ (ਨੰਬਰ 459/ਐਸਜੀਆਰ) ਦੀ ਮਿਲੀਭੁਗਤ ਨਾਲ ਪੂਨਮ ਰਾਜਨ ਦੀ ਭਰਜਾਈ ਪ੍ਰੀਤੀ ਨੂੰ ਬੇਕਸੂਰ ਕਰਾਰ ਦੇ ਦਿੱਤਾ। ਇਸ ਮਦਦ ਦੇ ਬਦਲੇ ਵਿੱਚ ਆਸ਼ੀਸ਼ ਕਪੂਰ ਨੇ ਉਕਤ ਪ੍ਰੇਮ ਲਤਾ ਤੋਂ 1,00,00,000 ਦੀ ਰਕਮ ਦੇ ਵੱਖ-ਵੱਖ ਚੈੱਕਾਂ ‘ਤੇ ਦਸਤਖਤ ਕਰਵਾ ਲਏ ਜੋ ਆਪਣੇ ਜਾਣਕਾਰਾਂ ਦੇ ਨਾਂ ‘ਤੇ ਜਮ੍ਹਾ ਕਰਵਾ ਕੇ ਏ.ਐੱਸ.ਆਈ. ਹਰਜਿੰਦਰ ਸਿੰਘ ਰਾਹੀਂ ਰੁਪਏ ਪ੍ਰਾਪਤ ਕਰ ਲਏ।
ਬੁਲਾਰੇ ਨੇ ਦੱਸਿਆ ਕਿ ਅਜਿਹਾ ਕਰਕੇ ਉਪਰੋਕਤ ਮੁਲਜ਼ਮਾਂ ਅਸ਼ੀਸ਼ ਕਪੂਰ, ਪਵਨ ਕੁਮਾਰ ਅਤੇ ਹਰਜਿੰਦਰ ਸਿੰਘ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈ.ਪੀ.ਸੀ. ਦੀ ਧਾਰਾ 420, 120-ਬੀ ਤਹਿਤ ਜੁਰਮ ਕਰਨ ਉਤੇ ਮੌਜੂਦਾ ਕੇਸ ਦਰਜ ਕੀਤਾ ਗਿਆ ਹੈ।