- ਸ਼ਾਸਨ ਵੱਲੋਂ ਜਲੰਧਰ ’ਚ ਨੰਬਰਦਾਰਾਂ ਦੀਆਂ 340 ਖਾਲੀ ਅਸਾਮੀਆਂ ਭਰਨ ਦੀ ਤਿਆਰੀ
- ਡਿਪਟੀ ਕਮਿਸ਼ਨਰ ਨੇ ਸਰਕਲ ਰੈਵੇਨਿਊ ਅਫ਼ਸਰਾਂ ਨੂੰ ਖਾਲੀ ਅਸਾਮੀਆਂ ਭਰਨ ਲਈ ਪ੍ਰਕਿਰਿਆ ਸ਼ੁਰੂ ਕਰਨ ਦੇ ਦਿੱਤੇ ਨਿਰਦੇਸ਼
- ਲੋਕਾਂ ਨੂੰ ਰੋਜ਼ਾਨਾਂ ਦੇ ਮਾਮਲਿਆਂ ’ਚ ਸਹੂਲਤ ਪ੍ਰਦਾਨ ਕਰਨ ਲਈ ਚੁੱਕਿਆ ਕਦਮ : ਜਸਪ੍ਰੀਤ ਸਿੰਘ
ਜਲੰਧਰ
ਲੋਕਾਂ ਨੂੰ ਰੋਜ਼ਾਨਾਂ ਦੇ ਕੰਮਾਂ ਖਾਸ ਕਰਕੇ ਮਾਲ ਵਿਭਾਗ ਨਾਲ ਸਬੰਧਤ ਮਾਮਲਿਆਂ ਵਿੱਚ ਸਹੂਲਤ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਸਰਕਲ ਰੈਵੇਨਿਊ ਅਫ਼ਸਰਾਂ (ਸੀ.ਆਰ.ਓਜ਼) ਨੂੰ ਜ਼ਿਲ੍ਹੇ ਵਿੱਚ ਨੰਬਰਦਾਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।
ਡੀਸੀ ਦੀ ਇਸ ਸਟੇਟਮੈਂਟ ਤੋਂ ਬਾਅਦ ਸਵਾਲ ਉੱਠਦਾ ਹੈ ਕਿ, ਕਰੀਬ 350 ਨੰਬਰਦਾਰ ਕਿੱਥੇ ਚਲੇ ਗਏ? ਕੀ ਉਨ੍ਹਾਂ ਨੇ ਵਿਦੇਸ਼ ਦਾ ਵੀਜ਼ਾ ਲਗਵਾ ਲਿਆ ਜਾਂ ਫਿਰ ਉਨ੍ਹਾਂ ਨੂੰ ਅਹੁਦਿਆਂ ਤੋਂ ਲਾਹ ਦਿੱਤਾ ਗਿਆ? ਅਜਿਹੇ ਕਈ ਹੋਰ ਸਵਾਲ ਹਨ, ਜਿਨ੍ਹਾਂ ਦੇ ਜਵਾਬ ਮਿਲਣੇ ਹਾਲੇ ਬਾਕੀ ਹਨ। ਪਰ ਸੂਤਰ ਦੱਸਦੇ ਹਨ ਕਿ, 350 ਦੇ ਕਰੀਬ ਨੰਬਰਦਾਰ ਵਿਦੇਸ਼ਾਂ ਵਿਚ ਚਲੇ ਜਾਣ ਕਾਰਨ ਅਸਾਮੀਆਂ ਖ਼ਾਲੀ ਹੋ ਗਈਆਂ ਸਨ, ਜਿਸ ਕਾਰਨ ਹੁਣ ਸਰਕਾਰ ਨੂੰ ਚੇਤਾ ਆਇਆ ਹੈ ਕਿ, ਛੇਤੀ ਤੋਂ ਛੇਤੀ ਅਸਾਮੀਆਂ ਨੂੰ ਭਰਿਆ ਜਾਵੇ।
ਇਸ ਮਾਮਲੇ ਤੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੀ.ਆਰ.ਓਜ਼ ਤੋਂ ਪ੍ਰਾਪਤ ਰਿਪੋਰਟ ਅਨੁਸਾਰ ਜ਼ਿਲ੍ਹੇ ਵਿੱਚ ਨੰਬਰਦਾਰਾਂ ਦੀਆਂ 340 ਅਸਾਮੀਆਂ ਖਾਲੀ ਪਈਆਂ ਹਨ ਅਤੇ ਇਸ ਲਈ ਪ੍ਰਸ਼ਾਸਨ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ, ਖਾਸ ਕਰ ਦਿਹਾਤੀ ਖੇਤਰ ਵਿੱਚ, ਇਨ੍ਹਾਂ ਅਸਾਮੀਆਂ ਨੂੰ ਭਰਨਾ ਸਮੇਂ ਦੀ ਮੁੱਖ ਲੋੜ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ-1 ਸਬ ਡਵੀਜ਼ਨ ਵਿੱਚ ਨੰਬਰਦਾਰਾਂ ਦੀਆਂ ਕੁੱਲ 41 ਅਸਾਮੀਆਂ ਖਾਲੀ ਹਨ। ਜਲੰਧਰ-2, ਆਦਮਪੁਰ, ਨਕੋਦਰ, ਸ਼ਾਹਕੋਟ ਅਤੇ ਫਿਲੌਰ ਸਬ ਡਵੀਜ਼ਨਾਂ ਵਿੱਚ ਕ੍ਰਮਵਾਰ 52, 71, 55, 28 ਅਤੇ 93 ਅਸਾਮੀਆਂ ਖਾਲੀ ਹਨ।
ਜਸਪ੍ਰੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਦੌਰਾਨ ਨੰਬਰਦਾਰਾਂ ਦੀਆਂ ਸੇਵਾਵਾਂ ਦੀ ਲੋੜ ਹੁੰਦੀ ਹੈ ਅਤੇ ਇਨ੍ਹਾਂ ਦੇ ਆਪੋ-ਆਪਣੀ ਮਾਲ ਅਸਟੇਟ ਵਿੱਚ ਨਾ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਨੰਬਰਦਾਰ ਵੱਖ-ਵੱਖ ਕੰਮਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਖਾਸ ਕਰ ਕਈ ਸਰਕਾਰੀ ਸੇਵਾਵਾਂ ਲਈ ਬਿਨੈ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਵਿੱਚ, ਇਸ ਤਰ੍ਹਾਂ ਇਨ੍ਹਾਂ ਦੀ ਅਣ-ਉਪਲਬਧਤਾ ਪ੍ਰਸ਼ਾਸਨ ਦੇ ਸੁਚਾਰੂ ਸੰਚਾਲਨ ਦੇ ਨਾਲ-ਨਾਲ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਿੱਚ ਵੀ ਰੁਕਾਵਟ ਪੈਦਾ ਕਰ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਦੇ ਲੋਕਾਂ ਨੂੰ ਨਿਰਵਿਘਨ ਅਤੇ ਸੁਚਾਰੂ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸ ਕਾਰਜ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।