- ਵੈਟਰਨਰੀ ਅਫਸਰਾਂ ਦੀ ਜੁੰਆਇਟ ਐਕਸ਼ਨ ਕਮੇਟੀ ਵੱਲੋਂ ਪਸੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਸਵਾਗਤ
ਲੁਧਿਆਣਾ
ਨਵ ਨਿਯੁਕਤ ਵੈਟਰਨਰੀ ਅਫਸਰਾਂ ਦੀ ਪੇਅ ਪੈਰਿਟੀ ਬਹਾਲੀ ਨੂੰ ਲੈ ਕੇ ਬਣੀ ਜੁੰਆਇਟ ਐਕਸ਼ਨ ਕਮੇਟੀ ਵੱਲੋਂ ਪਸੂ ਪਾਲਣ ਵਿਭਾਗ ਦੇ ਨਵੇਂ ਬਣੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਮਹਿਕਮੇ ਵਿੱਚ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਇਹ ਵਡੇਰੀ ਜਿੰਮੇਵਾਰੀ ਮਿਲਣ ‘ਤੇ ਵਧਾਈ ਦਿੱਤੀ ਗਈ|
ਇਸ ਮੌਕੇ ਐਕਸ਼ਨ ਕਮੇਟੀ ਦੇ ਸੂਬਾ ਕਨਵੀਨਰ ਡਾ. ਰਜਿੰਦਰ ਸਿੰਘ ਅਤੇ ਕੋ ਕਨਵੀਨਰ ਡਾ. ਗੁਰਚਰਨ ਸਿੰਘ ਦੀ ਅਗਵਾਈ ਹੇਠ ਐਕਸ਼ਨ ਕਮੇਟੀ ਦੇ ਇੱਕ ਪੰਜਾਬ ਪੱਧਰੀ ਵਫਦ ਨੇ ਪੇਅ ਪੈਰਿਟੀ ਦੇ ਮਸਲੇ ‘ਤੇ ਗੁਰਮੀਤ ਸਿੰਘ ਖੁੱਡੀਆਂ ਨਾਲ ਇੱਕ ਸੰਖੇਪ ਮੀਟਿੰਗ ਵੀ ਕੀਤੀ| ਜਿਸ ਵਿੱਚ ਮੰਤਰੀ ਨੇ ਇਸ ਮਸਲੇ ‘ਤੇ ਅਗਲੀ ਵਿਸਥਾਰੀ ਮੀਟਿੰਗ ਜਲਦੀ ਹੀ ਚੰਡੀਗੜ੍ਹ ਵਿਖੇ ਕਰਨ ਦਾ ਭਰੋਸਾ ਦਵਾਇਆ|
ਪਰੈਸ ਨੂੰ ਬਿਆਨ ਜਾਰੀ ਕਰਦਿਆਂ ਐਕਸ਼ਨ ਕਮੇਟੀ ਦੇ ਸੂਬਾ ਸਕੱਤਰ ਡਾ. ਸੁਰਜੀਤ ਸਿੰਘ ਮੱਲ ਅਤੇ ਜਿਲਾ ਆਰਗੇਨਾਈਜਰ ਡਾ. ਪ੍ਰਸੋ਼ਤਮ ਸਿੰਘ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਵੈਟਰਨਰੀ ਅਫਸਰਾਂ ਦੀ ਮੈਡੀਕਲ ਅਫਸਰਾਂ ਨਾਲ ਲੰਮੇ ਸਮੇ ਤੋਂ ਚੱਲੀ ਆਉਂਦੀ ਪੇਅ ਪੈਰਿਟੀ ਤੋੜ ਦਿੱਤੀ ਸੀ| ਇਸ ਪੇਅ ਪੈਰਿਟੀ ਨੂੰ ਮੁੜ ਬਹਾਲ ਕਰਵਾਉਣ ਲਈ ਐਕਸ਼ਨ ਕਮੇਟੀ ਪਿਛਲੇ ਸਵਾ ਸਾਲ ਤੋਂ ਅਪੀਲ ਦਲੀਲ ਨਾਲ ਮੌਜੂਦਾ ਸਰਕਾਰ ਨਾਲ ਗੱਲ ਬਾਤ ਚਲਾ ਰਹੀ ਹੈ ਪਰ ਹਾਲੇ ਤੱਕ ਉਹਨਾਂ ਨੂੰ ਲਾਰਿਆਂ ਤੋਂ ਸਿਵਾ ਕੁੱਛ ਨਹੀਂ ਮਿਲਿਆ|
ਪਰੰਤੂ ਹੁਣ ਮਹਿਕਮਾ ਪਸੂ ਪਾਲਣ ਦੀ ਵਾਗ ਡੋਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਥ ਆਉਣ ਨਾਲ ਵੈਟਰਨਰੀ ਅਫਸਰਾਂ ਨੂੰ ਇਨਸਾਫ ਮਿਲਣ ਦੀ ਇੱਕ ਵਾਰ ਫਿਰ ਆਸ ਬੱਝੀ ਹੈ| ਆਗੂਆਂ ਨੇ ਜੋਰ ਦੇ ਕੇ ਕਿਹਾ ਕਿ ਜੇ ਹੁਣ ਵੀ ਉਹਨਾਂ ਦੇ ਕਾਡਰ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਵਕਤੀ ਤੌਰ ‘ਤੇ ਰੋਕੇ ਗਏ ਸਘੰਰਸ਼ ਨੂੰ ਮੁੜ ਭਖਾਉਣ ਲਈ ਮਜਬੂਰ ਹੋਣਗੇ|