ਸ੍ਰੀ ਚਮਕੌਰ ਸਾਹਿਬ :
ਕੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਵੀ ਖ਼ਜ਼ਾਨਾ ਖਾਲੀ ਹੋ ਗਿਆ ਹੈ? ਇਹ ਸਵਾਲ ਇਸ ਲਈ ਪੈਦਾ ਹੋ ਰਿਹਾ ਹੈ, ਕਿਉਂਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਅੱਜ ਤਿੰਨ ਸਤੰਬਰ ਹੋਣ ਦੇ ਬਾਅਦ ਵੀ ਤਨਖ਼ਾਹ ਨਹੀਂ ਮਿਲੀ। ਤਨਖਾਹ ‘ਤੇ ਸਰਕਾਰ ਵੱਲੋਂ ਜ਼ੁਬਾਨੀ ਹੁਕਮਾਂ ਨਾਲ ਰੋਕ ਲਗਾਉਣ ਕਾਰਨ ਮੁਲਾਜ਼ਮਾਂ ਅਤੇ ਅਧਿਆਪਕਾਂ ਵਿੱਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ।
ਜਾਰੀ ਬਿਆਨ ਰਾਹੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪ੍ਰਰੀਤ ਸਿੰਘ ਹੀਰਾ , ਸੀਨੀਅਰ ਮੀਤ ਪ੍ਰਧਾਨ ਧਰਮਿੰਦਰ ਸਿੰਘ ਭੰਗੂ , ਰਾਜਵੀਰ ਸਿੰਘ ਚੌਂਤਾ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਮਹਿੰਦਰਪਾਲ ਸਿੰਘ ਖੇੜੀ , ਅਵਤਾਰ ਸਿੰਘ ਮੌਜ਼ਜ਼ਦੀਨ ਪੁਰ ਦਲਜੀਤ ਸਿੰਘ ਜਟਾਣਾ , ਬੀ ਐੱਡ ਫਰੰਟ ਦੇ ਗੁਰਿੰਦਰਪਾਲ ਸਿੰਘ ਖੇੜੀ , ਈ ਟੀ ਟੀ ਅਧਿਆਪਕ ਯੂਨੀਅਨ ਦੇ ਗੁਰਪ੍ਰਰੀਤ ਸਿੰਘ ਕੈਂਬੋ ਅਤੇ ਦਲੀਪ ਸਿੰਘ ਭੂਰੜੇ , ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਬਲਵੰਤ ਸਿੰਘ ਕੋਟਲੀ ਅਤੇ ਜਤਿੰਦਰ ਕੁਮਾਰ , ਲੈਕਚਰਾਰ ਯੂਨੀਅਨ ਦੇ ਅਵਤਾਰ ਸਿੰਘ ਧਨੋਆ ਅਤੇ ਰਵਿੰਦਰ ਸਿੰਘ ਰਵੀ , ਮਾਸਟਰ ਕਾਡਰ ਯੀਨੀਅਨ ਦੇ ਬਲਜਿੰਦਰ ਸਿੰਘ ਸਾਂਤਪੁਰੀ ਆਦਿ ਨੇ ਕਿਹਾ ਕਿ ਮੌਜੂਦਾ ਸਰਕਾਰ ਬਦਲਵੀਂ ਸਿਆਸਤ ਅਤੇ ਸੁਚੱਜੇ ਪ੍ਰਸਾਸ਼ਨ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ।
ਪਰ ਖਜਾਨਿਆਂ ਤੇ ਜ਼ੁਬਾਨੀ ਰੋਕ ਲਾਉਣ ਦੀ ਰਵਾਇਤ ਜਾਰੀ ਰੱਖਣ ਕਾਰਨ ਇਸ ਪ੍ਰਤੀ ਵੀ ਮੁਲਾਜ਼ਮ ਵਰਗ ਦਾ ਵਿਸ਼ਵਾਸ ਮੱਧਮ ਪੈਂਦਾ ਜਾ ਰਿਹਾ ਹੈ। ਉਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੋਂ ਮੰਗ ਕੀਤੀ ਕਿ ਸੋਮਵਾਰ ਨੂੰ ਤਨਖਾਹਾਂ ਹਰ ਹਾਲਤ ਵਿੱਚ ਜਾਰੀ ਕੀਤੀਆਂ ਜਾਣ।