ਪੰਜਾਬ ਨੈੱਟਵਰਕ, ਚੰਡੀਗੜ੍ਹ-
ਅਨੰਦਪੁਰ ਸਾਹਿਬ ਵਿਖੇ ਅੱਜ ਸੂਬਾ ਪੱਧਰੀ ਅਧਿਆਪਕ ਦਿਵਸ ਸਮਾਰੋਹ ਕੀਤਾ ਗਿਆ, ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਪੁੱਜੇ।
ਸੀਐਮ ਮਾਨ ਵਲੋਂ ਜਿਥੇ 74 ਅਧਿਆਪਕਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ, ਉਥੇ ਹੀ ਆਪਣੇ ਸੰਬੋਧਨ ਦੌਰਾਨ ਕੁੱਝ ਘੱਟੀਆਂ ਮਿੱਠੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਇਸ ਦੌਰਾਨ ਅਧਿਆਪਕਾਂ ਦੀਆਂ ਬਦਲੀਆਂ ਦਾ ਖ਼ਾਸ ਜਿਕਰ ਸੀਐਮ ਵਲੋਂ ਆਪਣੇ ਭਾਸ਼ਣ ਵਿਚ ਕੀਤਾ ਗਿਆ। ਉਨ੍ਹਾਂ ਕਿਹਾ ਕਿ, ਅਧਿਆਪਕਾਂ ਦੀ ਜਿਥੇ ਵੀ ਡਿਊਟੀ ਸਰਕਾਰ ਵਲੋਂ ਲਗਾਈ ਜਾਂਦੀ ਹੈ, ਉਹ ਲੋੜ ਦੇ ਮੁਤਾਬਿਕ ਹੀ ਲਗਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ, ਅਧਿਆਪਕ ਆਪਣੀ ਬਦਲੀ ਲਈ ਕਦੇ ਵੀ ਕਾਹਲ ਨਾ ਕਰਨ ਅਤੇ ਜਦੋਂ ਵੀ ਕੋਈ ਸਮੱਸਿਆ ਹੋਵੇ, ਸਾਡੇ ਸਿੱਖਿਆ ਮਹਿਕਮੇ ਦੇ ਸੀਨੀਅਰ ਅਫ਼ਸਰਾਂ ਨਾਲ ਗੱਲਬਾਤ ਕਰਨ, ਉਹ ਮਸਲੇ ਦਾ ਹੱਲ ਕਰ ਦੇਣਗੇ।
ਮਾਨ ਨੇ ਇਹ ਵੀ ਆਖਿਆ ਕਿ, ਸਮੇਂ ਸਮੇਂ ਤੇ, ਅਧਿਆਪਕਾਂ ਕੋਲੋਂ ਹੀ ਸੁਝਾਅ ਲੈ ਕੇ, ਉਨ੍ਹਾਂ ਦੀ ਨੇੜਲੇ ਸਕੂਲਾਂ ਵਿੱਚ ਬਦਲੀ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ, ਸ਼ਹਿਰਾਂ ਵੱਲ ਬਦਲੀ ਲਈ ਨਾ ਭੱਜੋ, ਅਧਿਆਪਕਾਂ ਦੀ ਲੋੜ ਹਰ ਸਰਕਾਰੀ ਸਕੂਲ ਨੂੰ ਹੈ।