ਡੀਪੀਆਈ ਨੇ ਮੰਨੀਆਂ ਈਟੀਟੀ ਅਧਿਆਪਕਾਂ ਦੀਆਂ ਮੰਗਾਂ, ਅਨਾਮਲੀ ਸਬੰਧੀ ਜਲਦ ਹੋਵੇਗਾ ਪੱਤਰ ਜਾਰੀ

705

 

ਮੀਡੀਆ ਪੀਬੀਐੱਨ, ਚੰਡੀਗੜ੍ਹ–

ਮੋਹਾਲੀ ਪੰਜਾਬ ਦੇ ਈਟੀਟੀ ਅਧਿਆਪਕਾਂ ਨਾਲ ਪਿਛਲੇ ਦਿਨੀਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਵੱਲੋਂ ਕੀਤੀ ਮੀਟਿੰਗ ਤੋਂ ਬਾਅਦ ਅੱਜ ਡੀਪੀਆਈ ਪ੍ਰਾਇਮਰੀ ਹਰਿੰਦਰ ਕੌਰ ਵੱਲੋਂ ਸਿੱਖਿਆ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਮੁਹਾਲੀ ਵਿਖੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਅਹਿਮ ਮੀਟਿੰਗ ਕੀਤੀ ਗਈ।

ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਅਸੀਂ ਜੰਥੇਬੰਦੀ ਦੇ ਸੂਬਾ ਪ੍ਰਧਾਨ ਰਛਪਾਲ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ 21 ਅਪ੍ਰੈਲ ਨੂੰ ਇਹੀ ਸਰਕਾਰ ਦੇ ਸਿੱਖਿਆ ਮੰਤਰੀ ਮੀਤ ਹੇਅਰ, 16 ਮਈ ਤੇ 8 ਜੂਨ ਨੂੰ ਡੀਪੀਆਈ ਪ੍ਰਾਇਮਰੀ ਪੰਜਾਬ ਨਾਲ, 26 ਅਗਸਤ ਨੂੰ ਮੌਜੂਦਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਅਤੇ ਅੱਜ ਦੁਬਾਰਾ ਫਿਰ ਡੀਪੀਆਈ ਪ੍ਰਾਇਮਰੀ ਨਾਲ ਉਹੀ ਮੰਗਾਂ ਤੇ ਮੀਟਿੰਗਾਂ ਕਰ ਰਹੇ ਹਾਂ।

ਇਸ ਤੋਂ ਪਹਿਲਾਂ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ। ਸੋ ਹੁਣ ਇਹ ਸਾਡੀ ਆਖੀਰਲੀ ਮੀਟਿੰਗ ਹੈ, ਸਾਨੂੰ ਆਸ ਹੈ ਕਿ ਸਾਡੇ ਮਸਲੇ ਤੁਰੰਤ ਹੱਲ ਹੋਣਗੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਣ ਵੀ ਸਾਡੇ ਮਸਲੇ ਜਲਦੀ ਹੀ ਹੱਲ ਨਾ ਕੀਤੇ, ਤਾਂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਸਿੱਖਿਆ ਵਿਭਾਗ ਮੁਹਾਲੀ ਦੇ ਮੁੱਖ ਦਫ਼ਤਰ ਵਿਖੇ ਤਿੱਖਾ ਐਕਸ਼ਨ ਕਰ ਕੇ ਆਪਣੇ ਸੰਘਰਸ਼ ਨੂੰ ਉਸ ਹੱਦ ਤੱਕ ਲੈ ਕੇ ਜਾਵੇਗੀ, ਜਿਸ ਨੂੰ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ।

ਜੰਥੇਬੰਦੀ ਦੇ ਆਗੂਆਂ ਨੇ ਕਿਹਾ ਪੰਜਾਬ ਦੀ ਨਵੀਂ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਰਾਜ ਦੇ ਮੁਲਾਜ਼ਮਾਂ ਨੂੰ ਬਹੁਤ ਵੱਡੀਆਂ ਆਸਾਂ ਹਨ, ਸੋ ਸਿੱਖਿਆ ਵਿਭਾਗ ਜਲਦੀ ਹੀ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕਰੇ। ਇਸ ਮੌਕੇ ਸੂਬਾ ਸਹਾਇਕ ਵਿੱਤ ਸਕੱਤਰ ਸ਼ਿਵ ਰਾਣਾ ਮੁਹਾਲੀ, ਸੂਬਾ ਆਗੂ ਸ਼ਿਵਰਾਜ ਸਿੰਘ ਜਲੰਧਰ, ਮਾਲਵਾ ਜ਼ੋਨ ਪ੍ਰਧਾਨ ਅਨੂਪ ਸ਼ਰਮਾਂ ਪਟਿਆਲਾ, ਮਾਲਵਾ ਜ਼ੋਨ ਪ੍ਰਧਾਨ ਸੰਪੂਰਨ ਵਿਰਕ ਫਿਰੋਜ਼ਪੁਰ, ਜ਼ਿਲ੍ਹਾਂ ਪ੍ਰਧਾਨ ਪਟਿਆਲਾ ਮੇਜਰ ਸਿੰਘ, ਇੰਦਰਜੀਤ ਸਿੰਘ ਮਾਨਸਾ, ਜਸਪਾਲ ਸਿੰਘ ਕਪੂਰਥਲਾ, ਦੀਪਕ ਪੁਰੀ ਰਾਜਪੁਰਾ, ਪਲਵਿੰਦਰ ਸਿੰਘ ਜਲੰਧਰ ਆਦਿ ਹਾਜ਼ਰ ਸਨ।

ਮੀਟਿੰਗ ਦੌਰਾਨ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਪੰਚਾਇਤੀ ਵਿਭਾਗ ਤੋਂ ਸਿੱਖਿਆ ਵਿਭਾਗ ਵਿੱਚ ਆਏ ਅਧਿਆਪਕਾਂ ਦੀ ਅਨਾਮਲੀ ਤੁਰੰਤ ਦੂਰ ਕਰਨ, ਈਟੀਟੀ ਤੋਂ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾਂ, ਪੂਰੇ ਸਾਲ ਦਾ ਬਜ਼ਟ ਇੱਕੋ ਵਾਰ ਜਾਰੀ ਕਰਨ, ਰਹਿੰਦੇ ਬਕਾਏ ਦੇਣ, ਜ਼ਿਲ੍ਹਾਂ ਪ੍ਰੀਸ਼ਦ ਤੋਂ ਆਏ ਅਧਿਆਪਕਾਂ ਦੀ ਵਿਭਾਗ ਦੇ ਪੋਰਟਲ ਵਿੱਚ ਨਿਯੁਕਤੀ ਮਿਤੀ 2006 ਕਰਨ।

ਇਸ ਤੋਂ ਇਲਾਵਾ ਵਿਦੇਸ਼ ਛੁੱਟੀ ਅਤੇ ਛੁੱਟੀਆਂ ਦੌਰਾਨ ਨਿਭਾਈਆਂ ਗਈਆਂ ਵਾਧੂ ਡਿਊਟੀਆਂ ਦੇ ਬਦਲੇ ਕਮਾਈ ਛੁੱਟੀ ਦੀ ਸਰਵਿਸ ਬੁੱਕ ਵਿੱਚ ਐਂਟਰੀ, 35 ਸੀਐਚਟੀ ਦੀ ਸਿਲੈਕਸ਼ਨ ਵਾਲੇ ਉਮੀਦਵਾਰਾਂ ਨੂੰ ਅਧਿਆਪਕ ਦਿਵਸ ਤੇ ਨਿਯੁਕਤੀ ਪੱਤਰ ਜਾਰੀ ਕਰਨ ਬਾਰੇ ਤੇ ਬੀ ਐਲ ਓ ਦੀਆਂ ਡਿਊਟੀਆਂ ਕੱਟਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਜਿਸ ਦੌਰਾਨ ਡੀਪੀਆਈ ਮੈਡਮ ਨੇ ਕਿਹਾ ਕਿ ਅਨਾਮਲੀ ਦੂਰ ਕਰਨ ਸਬੰਧੀ ਸੋਮਵਾਰ ਤੱਕ ਪੱਤਰ ਜਾਰੀ ਕਰ ਕੇ ਤੁਰੰਤ ਹੀ ਬੀਪੀਈਓ ਨੂੰ ਹਦਾਇਤ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਬਾਕੀ ਮੰਗਾਂ ਵੀ ਜਲਦੀ ਹੀ ਹੱਲ ਹੋਣਗੀਆਂ।

LEAVE A REPLY

Please enter your comment!
Please enter your name here