ਡੀ.ਟੀ.ਐਫ. ਦੇ ਵਫ਼ਦ ਵੱਲੋਂ MLA ਸਮਰਾਲਾ ਨੂੰ ਦਿਤਾ ਗਿਆ ਮੰਗ ਪੱਤਰ

377

 

  • ਸਕੂਲ ਆਫ਼ ਐਮੀਨੈਂਸ ਨੀਤੀ ਅਤੇ ਅਧਿਆਪਕਾਂ ਦੀ ਰੈਗੂਲਰਾਈਜ਼ੇਸ਼ਨ ਬਾਰੇ ਕੀਤੀ ਖੁੱਲ੍ਹ ਕੇ ਚਰਚਾ, 16 ਅਕਤੂਬਰ ਨੂੰ ਸਿਖਿਆ ਮੰਤਰੀ ਦੇ ਹਲਕੇ ਚ ਰੈਲੀ

ਆਜਾਦ, ਖੰਨਾ-

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਤੇ ਵਿਧਾਇਕਾਂ ਨੂੰ ਦਿੱਤੇ ਜਾਣ ਵਾਲੇ ਮੰਗ ਪੱਤਰਾਂ ਦੀ ਲੜੀ ਤਹਿਤ ਅਧਿਆਪਕਾਂ ਦੀਆਂ ਹੱਕੀ ਮੰਗਾਂ ਦੇ ਹੱਲ ਲਈ ਅਤੇ ਸਰਕਾਰ ਨੂੰ ਉਸ ਦੇ ਵਾਅਦੇ ਯਾਦ ਕਰਵਾਉਣ ਲਈ ਡੈਮੋਕ੍ਰੇਟਿਕ ਟੀਚਰ ਫਰੰਟ ਬਲਾਕ ਸਮਰਾਲਾ ਅਤੇ ਮਾਛੀਵਾੜਾ ਦਾ ਇਕ ਵਫਦ ਜ਼ਿਲ੍ਹਾ ਸਕੱਤਰ ਦਲਜੀਤ ਸਮਰਾਲਾ ਦੀ ਅਗਵਾਈ ਵਿੱਚ ਅੱਜ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ, ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਣ ਲਈ ਮਿਲਿਆ।

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਡੀ.ਟੀ.ਐਫ. ਵਫ਼ਦ ਵਿੱਚ ਸ਼ਾਮਲ ਆਗੂਆਂ ਵੱਲੋਂ ਵਿਧਾਇਕ ਦਿਆਲਪੁਰਾ ਨਾਲ ਸਰਕਾਰੀ ਸਕੂਲਾਂ ਦੇ ਵਿੱਦਿਅਕ ਹਾਲਾਤ ਬਾਰੇ ਖੁੱਲ੍ਹ ਕੇ ਚਰਚਾ ਕਰਦਿਆਂ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਕਿ ਪੰਜਾਬ ਦੀ ਆਪ ਸਰਕਾਰ ਆਪਣੇ ਚੋਣ ਮੈਨੀਫੈਸਟੋ ਅਤੇ ਵਾਅਦਿਆਂ ਦੇ ਉਲਟ ਜਾਕੇ ਕੇਂਦਰ ਸਰਕਾਰ ਦੀ ਜਨ ਵਿਰੋਧੀ ਨਵੀਂ ਸਿੱਖਿਆ ਨੀਤੀ ਨੂੰ ਇਨ-ਬਿਨ ਲਾਗੂ ਕਰ ਕਰ ਰਹੀ ਹੈ। ਇਸੇ ਕੜੀ ਵਿੱਚ ਉਸ ਵੱਲੋਂ ਨਵੀਂ ਜਨਤਕ ਸਿੱਖਿਆ ਵਿਰੋਧੀ ਸਕੀਮ ‘ਸਕੂਲ ਆਫ ਐਮੀਨੈਂਸ’ ਲਿਆਂਦੀ ਗਈ ਹੈ।

ਆਗੂਆਂ ਨੇ ਗੱਲਬਾਤ ਦੌਰਾਨ ਇਸ ਸਕੀਮ ਦੇ ਉਸਾਰੂ ਪੱਖ ਗਿਣਾ ਰਹੇ ਸ਼੍ਰੀ ਦਿਆਲਪੁਰਾ ਨੂੰ ਨੋਟ ਕਰਵਾਇਆ ਕਿ ਇਸ ਸਕੀਮ ਨਾਲ ਹੋਰ ਬਹੁਤ ਸਾਰੇ ਸਰਕਾਰੀ ਸਕੂਲਾਂ ਸਮੇਤ ਪੇਂਡੂ ਖੇਤਰ ਦੇ ਸਕੂਲਾਂ ਨੂੰ ਵਿਆਪਕ ਖੋਰਾ ਲੱਗੇਗਾ ਅਤੇ ਬੱਚਿਆਂ ਨੂੰ, ਪੜ੍ਹਨ ਲਈ ਦੂਰ-ਦੁਰਾਡੇ ਜਾਣ ਲਈ ਮਜ਼ਬੂਰ ਹੋਣ ਦੀ ਸਥਿਤੀ ਵਿੱਚ, ਉਹਨਾਂ ਦੇ ਸਿੱਖਿਆ ਦੇ ਮੂਲ ਅਧਿਕਾਰ ਤੋਂ ਵਾਂਝਾ ਕੀਤਾ ਜਾਵੇਗਾ।

ਉਹਨਾਂ ਵਿਧਾਇਕ ਦਿਆਲਪੁਰਾ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਣਾ ਕਰਦਿਆਂ ਕਿਹਾ ਕਿ “ਸਕੂਲ ਆਫ਼ ਐਮੀਨੈਂਸ” ਦੀ ਉਕਤ ਨੀਤੀ ਦੇ ਸਿਲਸਿਲੇ ਵਿੱਚ ਹੀ ਪੰਜਾਬ ਦੀ ਸਰਕਾਰ ਅਧਿਆਪਕਾਂ ਦੀਆਂ ਬਦਲੀਆਂ ਦੀ ਕੋਈ ਨੀਤੀ ਬਣਾਉਣ ਵਿੱਚ, ਇਸ ਕਦਰ ਨਾਕਾਮ ਹੋਈ ਹੈ ਕਿ ਪੰਜਾਬ ਦੀ ਸਰਕਾਰੀ ਸਕੂਲ ਸਿੱਖਿਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਸਾਲ ਅਧਿਆਪਕਾਂ ਦੀਆਂ ਬਦਲੀਆਂ ਵੀ ਨਹੀਂ ਕੀਤੀਆਂ ਜਾ ਸਕੀਆਂ। ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਿਕਟਸ ਅਧੀਨ ਕੰਮ ਕਰਦੇ ਕੰਪਿਊਟਰ ਅਧਿਆਪਕਾਂ ਸਮੇਤ ਆਊਟਸੋਰਸ ਅਤੇ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾਵੇ।

ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਦਿੱਤੇ ਜਾਂਦੇ ਪੇਂਡੂ ਭੱਤੇ ਸਮੇਤ 37 ਕਿਸਮ ਦੇ ਹੋਰ ਬੰਦ ਕੀਤੇ ਭੱਤੇ, ਬਹਾਲ ਕੀਤੇ ਜਾਣ, ਮਹਿੰਗਾਈ ਭੱਤੇ ਦੀਆਂ ਫਰੀਜ਼ ਕੀਤੀਆਂ ਕਿਸ਼ਤਾਂ ਜਾਰੀ ਦਿੱਤੀਆਂ ਜਾਣ, ਤਨਖਾਹ ਕਮਿਸ਼ਨ ਦੀ ਰਿਪੋਰਟ ਮੁਤਾਬਕ 2016 ਤੋਂ 2021 ਤੱਕ ਦਾ ਬਕਾਇਆ ਜਾਰੀ ਕੀਤਾ ਜਾਵੇ ਅਤੇ ਬਦਲੀਆਂ ਤੇ ਸਕੂਲਾਂ ਦੇ ਢਾਂਚੇ ਸਬੰਧੀ ਅਧਿਆਪਕ ਸੰਗਠਨਾਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਸੁਝਾਅ ਨਾਲ ਕੋਈ ਨਿਆਂਸ਼ੀਲ ਨੀਤੀ ਬਣਾਈ ਜਾਵੇ। ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀ ਕਰਦੀ ਤਾਂ ਉਹਨਾਂ ਦੀ ਜੱਥੇਬੰਦੀ 16 ਅਕਤੂਬਰ ਨੂੰ ਸਿੱਖਿਆ ਮੰਤਰੀ ਦੇ ਹਲਕੇ ਅਨੰਦਪੁਰ ਸਾਹਿਬ ਵਿਖੇ, ਸੂਬਾ ਪੱਧਰੀ ਵਿਸ਼ਾਲ ਰੋਸ ਰੈਲੀ ਆਯੋਜਿਤ ਕਰੇਗੀ। ਇਸ ਮੌਕੇ ਹੋਰਨਾਂ ਅਧਿਆਪਕ ਆਗੂਆਂ ਤੋਂ ਇਲਾਵਾ ਗੁਰਬਚਨ ਸਿੰਘ, ਰਾਜਿੰਦਰ ਸਿੰਘ ਮਾਛੀਵਾੜਾ, ਹਰਵਿੰਦਰ ਸਿੰਘ, ਨਿਰਮਲ ਸਿੰਘ, ਕੁਲਵੰਤ ਸਿੰਘ ਮਾਛੀਵਾੜਾ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here