ਸਿੱਖਿਆ ਵਿਭਾਗ ਨੇ ਪ੍ਰਮੋਸ਼ਨਾਂ ਰਾਹੀਂ ਅਤੇ ਸਿੱਧੀ ਭਰਤੀ ਦੀਆਂ ਸਲਾਨਾ ਤਰੱਕੀਆਂ ਰੋਕੀਆਂ, DTF ਵਲੋਂ ਨਿੰਦਾ

453

 

ਚੰਡੀਗੜ੍ਹ-

ਡੀ.ਪੀ.ਆਈ.(ਐ.ਸਿ.) ਵਲੋਂ ਪਿਛਲੇ ਦਿਨੀਂ 2018 ਵਿੱਚ ਬਣਾਏ ਗਏ ਅਧਿਆਪਕ ਵਿਰੋਧੀ ਕਾਨੂੰਨ ਤਹਿਤ ਹੈੱਡ ਟੀਚਰਾਂ ਅਤੇ ਸੈਂਟਰ ਹੈੱਡ ਟੀਚਰਾਂ ਦੀ ਪ੍ਰਮੋਸ਼ਨ ਕਰਨ ਸਮੇਂ ਵਿਭਾਗੀ ਟੈਸਟ ਅਤੇ ਕੰਪਿਊਟਰ ਟੈਸਟ ਥੋਪਣ ਸੰਬੰਧੀ ਪੱਤਰ ਜਾਰੀ ਕੀਤਾ ਗਿਆ, ਜਿਸ ਦੀ ਸਮੂਹ ਅਧਿਆਪਕ ਜਥੇਬੰਦੀਆਂ ਸਖਤ ਨਿਖੇਧੀ ਕਰ ਰਹੀਆਂ ਹਨ। ਅਤੇ ਪੰਜਾਬ ਦੇ ਸਮੁੱਚੇ ਅਧਿਆਪਕਾਂ ਦੇ ਵਿਚ ਇਸ ਪ੍ਰਤੀ ਰੋਸ ਹੈ।

ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾਈ ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਸੂਬਾਈ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾਈ ਪ੍ਰਧਾਨ ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵਲੋ ਮੁਲਾਜ਼ਮ ਮਾਰੂ 2018 ਦੇ ਸਰਵਿਸ ਨਿਯਮਾਂ ਦੀ ਆੜ ਹੇਠ ਸਿੱਧੀ ਭਰਤੀ ਰਾਹੀਂ 2019 ਵਿੱਚ ਭਰਤੀ ਹੋਏ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਅਤੇ ਹੋਰ ਪ੍ਰਮੋਟ ਹੋਏ ਅਧਿਆਪਕਾਂ ਦੀ ਤਰੱਕੀ ਇੰਕਰੀਮੈਂਟ ਰੋਕਣ ਦਾ ਤਾਨਾਸ਼ਾਹੀ ਹੁਕਮ ਜਾਰੀ ਕਰ ਦਿੱਤਾ ਹੈ।

ਸਾਲ 2018 ਦੇ ਨਿਯਮਾਂ ਤਹਿਤ ਸਿੱਧੀ ਭਰਤੀ ਅਤੇ ਪਦਉੱਨਤ ਹੋਣ ਵਾਲੇ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕਾਂ, ਸਕੂਲ ਮੁੱਖੀਆਂ ਅਤੇ ਨਾਨ-ਟੀਚਿੰਗ ਕਰਮਚਾਰੀਆਂ ਉੱਪਰ ਵਿਭਾਗੀ ਪ੍ਰੀਖਿਆ ਥੋਪਣ ਅਤੇ ਇਸ ਦੀ ਆੜ ਵਿੱਚ ਸਬੰਧਿਤ ਮੁਲਾਜ਼ਮਾਂ ਦਾ ਸਲਾਨਾ ਇਨਕਰੀਮੈਂਟ ਰੋਕਣ ਦਾ ਤਾਨਾਸ਼ਾਹੀ ਰਾਹ ਅਖਤਿਆਰ ਕੀਤਾ ਹੈ। ਜਦਕਿ ਸਬੰਧਿਤ ਕਰਮਚਾਰੀ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਮੁਕਾਬਲਾ ਪ੍ਰੀਖਿਆਵਾਂ, ਉੱਚ ਯੋਗਤਾਵਾਂ ਗ੍ਰਹਿਣ ਕਰਨ, ਮੈਰਿਟ, ਤਜਰਬੇ ਅਤੇ ਸੀਨੀਆਰਤਾ ਰੂਪੀ ਬੈਰੀਅਰ ਸਫਲਤਾ ਨਾਲ ਪਾਰ ਕਰਨ ਉਪਰੰਤ ਨਿਯੁਕਤ ਹੁੰਦੇ ਹਨ। ਅਜਿਹੇ ਵਿੱਚ ਵਿਭਾਗੀ ਪ੍ਰੀਖਿਆ ਥੋਪਣਾ, ਗੈਰ ਵਾਜਿਬ ਅਤੇ ਮਾਨ ਸਨਮਾਨ ਨੂੰ ਘਟਾਉਣ ਵਾਲਾ ਫੈਸਲਾ ਹੈ।

ਇਸ ਮੌਕੇ ਇਸ ਗੱਲ ਉੱਤੇ ਚਿੰਤਾ ਪ੍ਰਗਟ ਕੀਤੀ ਕਿ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਘਟਾਉਣ ਕਾਰਣ ਸਕੂਲਾਂ ਵਿੱਚ ਅਧਿਆਪਕਾਂ ਦੀ ਵੱਡੀ ਘਾਟ ਪਾਈ ਜਾ ਰਹੀ ਹੈ ਅਤੇ ਪ੍ਰਾਇਮਰੀ ਸਕੂਲਾਂ ਵਿੱਚ ਇਕੱਲਾ ਅਧਿਆਪਕ ਸਕੂਲ ਦੀਆਂ ਸਾਰੀਆਂ ਸੱਤ ਜਮਾਤਾਂ ਨੂੰ ਇਕੱਲਿਆਂ ਸਾਂਭ ਰਿਹਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹ ਪੱਤਰ ਵਾਪਿਸ ਨਾ ਹੋਇਆ ਅਤੇ ਘਟਾਈਆਂ ਅਸਾਮੀਆਂ ਬਹਾਲ ਨਾ ਹੋਈਆਂ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰੇਗੀ।

ਇਸ ਮੌਕੇ ਡੀ.ਟੀ.ਐੱਫ. ਦੇ ਆਗੂ ਚਰਨਜੀਤ ਸਿੰਘ ਰਾਜਧਾਨ, ਗੁਰਦੇਵ ਸਿੰਘ, ਹਰਜਾਪ ਸਿੰਘ ਬੱਲ, ਰਾਜੇਸ਼ ਕੁਮਾਰ ਪਰਾਸ਼ਰ, ਡਾ. ਗੁਰਦਿਆਲ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ ਤੌਲਾਨੰਗਲ, ਪਰਮਿੰਦਰ ਸਿੰਘ ਰਾਜਾਸਾਂਸੀ, ਸੁਖਵਿੰਦਰ ਸਿੰਘ ਬਿੱਟਾ, ਕੇਵਲ ਸਿੰਘ, ਅਮਰਪ੍ਰੀਤ ਸਿੰਘ, ਦੀਪਕ ਕੁਮਾਰ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਗੁਰਪ੍ਰੀਤ ਸਿੰਘ ਨਾਭਾ, ਵਿਪਨ ਰਿਖੀ, ਨਰੇਸ਼ ਕੁਮਾਰ, ਚਰਨਜੀਤ ਸਿੰਘ ਭੱਟੀ, ਨਰਿੰਦਰ ਸਿੰਘ ਮੱਲੀਆਂ, ਦਿਲਬਾਗ ਸਿੰਘ, ਰਾਜਵਿੰਦਰ ਸਿੰਘ ਚਿਮਨੀ, ਵਿਕਾਸ ਚੌਹਾਨ, ਵਿਸ਼ਾਲ ਚੌਹਾਨ, ਵਿਸ਼ਾਲ ਕਪੂਰ, ਹਰਦੀਪ ਸਿੰਘ, ਬਖਸ਼ੀਸ਼ ਸਿੰਘ ਆਦਿ ਵੀ ਸ਼ਾਮਿਲ ਹੋਏ।

 

LEAVE A REPLY

Please enter your comment!
Please enter your name here