47 ਸਾਲਾਂ ਬਾਅਦ ਵੀ ਆਂਗਣਵਾੜੀ ਮੁਲਾਜ਼ਮਾਂ ਨੂੰ ਸਰਕਾਰਾਂ ਨੇ ਨਾ ਕੀਤਾ ਪੱਕਾ, ਨਾ ਹੀ ਦਿੱਤਾ ਵਿਭਾਗੀ ਰੂਪ

368

 

ਜਸਬੀਰ ਸਿੰਘ ਕੰਬੋਜ, ਫਿਰੋਜ਼ਪੁਰ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਈ.ਸੀ.ਡੀ.ਐਸ ਸਕੀਮ ਦੀ ਸੰਤਾਲਵੀਂ ਵਰ੍ਹੇ ਗੰਢ ਮੋਕੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਦੀ ਅਗਵਾਈ ਵਿੱਚ ਮਾਸ ਡੈਪੂਟੇਸ਼ਨ ਦੇ ਰੂਪ ਵਿਚ ਵਿੱਚ ਇਕੱਠੇ ਹੋ ਕੇ ਪੰਜਾਬ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਬੇਫਿਕਰੀ ਦੀ ਨੀਂਦ ਸੁੱਤੀਆਂ ਸਰਕਾਰਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕਰਦਿਆਂ ਸਰਕਾਰ ਨੂੰ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਭੇਜੇ ਹਨ।

ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਪੱਤਰ ਦੇਣ ਤੋਂ ਪਹਿਲਾਂ ਡੀ ਸੀ ਦਫਤਰ ਦੇ ਸਾਹਮਣੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ ਅਤੇ ਬਲਾਕ ਪ੍ਰਧਾਨ ਕਾਂਤਾ ਰਾਣੀ ਨੇ ਕਿਹਾ ਕਿ ਅੱਜ ਮਾਣਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦਿੱਤੇ ਜਾਣ ਵਾਲੇ ਇਸ ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਹੈ ਸਕੀਮ ਦੇ ਚਾਲੂ ਹੋਣ ਤੋਂ 47 ਵਰ੍ਹੇ ਬੀਤ ਜਾਣ ਦੇ ਬਾਅਦ ਵੀ ਇਹ ਸਕੀਮ ਸਕੀਮ ਬਣ ਕੇ ਰਹਿ ਗਈ ਹੈ ਇਸ ਨੂੰ ਵਿਭਾਗ ਦਾ ਰੂਪ ਨਹੀਂ ਦਿੱਤਾ ਗਿਆ ਅਤੇ ਨਾ ਹੀ ਇਸ ਸਕੀਮ ਅਧੀਨ ਕੰਮ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਅੱਜ ਵੀ ਇਸ ਸਕੀਮ ਅਧੀਨ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਿਗੂਣੇ ਮਾਣ ਭੱਤੇ ਤੇ ਸੇਵਾ ਨਿਭਾ ਰਹੀਆਂ ਹਨ ਤੇ ਇਹ ਨਿਗੂਣਾ ਮਾਣ ਭੱਤਾ ਵੀ ਕਈ ਕਈ ਮਹੀਨੇ ਉਨ੍ਹਾਂ ਨੂੰ ਪ੍ਰਾਪਤ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ 2017 ਵਿੱਚ ਆਂਗਣਵਾੜੀ ਸੈਂਟਰਾਂ ਵਿਚ ਸਿੱਖਿਆ ਪ੍ਰਾਪਤ ਕਰ ਗਏ ਛੋਟੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ਰਾਹੀ ਸਕੂਲਾਂ ਨਾਲ ਜੋੜਦੇ ਹੋਏ ਆਂਗਨਵਾੜੀ ਕੇਂਦਰਾਂ ਦੀਆਂ ਰੌਣਕਾਂ ਖੋਹ ਲਈਆਂ ਹਨ ਤੇ ਆਂਗਣਵਾੜੀ ਸੈਂਟਰਾਂ ਵਿਚ ਦਿੱਤੀ ਜਾ ਰਹੀ ਨਿਊਟ੍ਰੇਸ਼ਨ ਵੀ ਸਹੀ ਮਾਤਰਾ ਵਿੱਚ ਨਹੀਂ ਮਿਲ ਰਹੀ।

ਉਨ੍ਹਾਂ ਦੱਸਿਆ ਕਿ ਪਿਛਲੇ ਛੇ ਸਾਲਾਂ ਤੋਂ ਆਂਗਨਵਾਡ਼ੀ ਕੇਂਦਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਜਦਕਿ ਸੁਪਰੀਮ ਕੋਰਟ ਦਾ ਹੁਕਮ ਹੈ ਕਿ ਤਿੰਨ ਮਹੀਨੇ ਤੋਂ ਜ਼ਿਆਦਾ ਕੋਈ ਵੀ ਆਂਗਨਵਾੜੀ ਕੇਂਦਰ ਖਾਲੀ ਨਹੀਂ ਰੱਖਿਆ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਾਰਚ 2018 ਤੋਂ ਪੋਸ਼ਣ ਅਭਿਆਨ ਚੱਲ ਰਿਹਾ ਹੈ। ਜਿਸ ਦੇ ਤਹਿਤ ਸਰਕਾਰ ਵੱਲੋਂ ਮੋਬਾਇਲ ਮੁਹੱਈਆ ਕਰਵਾ ਕੇ ਆਨਲਾਈਨ ਕੰਮ ਕੀਤਾ ਜਾਣਾ ਸੀ ਪਰ ਸਰਕਾਰ ਵੱਲੋਂ ਨਾ ਤਾਂ ਮੋਬਾਈਲ ਮੁਹੱਈਆ ਕਰਵਾਏ ਗਏ ਤੇ ਨਾ ਹੀ ਸਮੇਂ ਸਿਰ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਪਰ ਆਨਲਾਈਨ ਕੰਮ ਕਰਨ ਲਈ ਆਂਗਨਵਾੜੀ ਵਰਕਰਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਹੁਣ ਸਰਕਾਰ ਛੋਟੇ ਬੱਚਿਆਂ ਲਈ ਭੇਜੀ ਜਾ ਰਹੇ ਪੋਸ਼ਣ ਟਰੈਕ ਅਤੇ ਆਧਾਰ ਕਾਰਡ ਤੇ ਨਿਗੂਣੀ ਜਿਹੀ ਖੁਰਾਕ ਵੀ ਆਨੀ ਬਹਾਨੀ ਰੋਕਣ ਦੀ ਤਾਂਘ ਵਿੱਚ ਹੈ। ਉਨ੍ਹਾਂ ਕਿਹਾ ਕਿ ਉਕਤ ਸਾਰੀਆਂ ਮੰਗਾਂ ਦੇ ਸਬੰਧ ਵਿੱਚ ਇਹ ਮੰਗ ਪੱਤਰ ਸਰਕਾਰ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਰਾਹੀਂ ਭੇਜੇ ਜਾ ਰਹੇ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਅਗਰ ਉਨ੍ਹਾਂ ਦੀਆਂ ਮੰਗਾਂ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਚ ਮੁੱਖ ਮੰਤਰੀ ਦਾ ਘਿਰਾਓ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਕੌਰ, ਜਸਪਾਲ ਕੌਰ ਪ੍ਰਧਾਨ ਬਲਾਕ ਫਿਰੋਜ਼ਪੁਰ , ਕਾਂਤਾ ਰਾਣੀ ਬਲਾਕ ਪ੍ਰਧਾਨ ਮਮਦੋਟ,ਰਜਵੰਤ ਕੌਰ ਕੈਸ਼ੀਅਰ, ਗੁਰਮੀਤ ਕੌਰ ਕਾਕੜ, ਨਿਧੀ ਮਮਦੋਟ, ਹਰਜੀਤ ਕੌਰ ,ਰਜਵੰਤ ਕੌਰ ਅਟਾਰੀ ਹਰਮੀਤ ਕੌਰ ਝੋਕ, ਬਲਵਿੰਦਰ ਕੌਰ ਮਹਾਲਮ, ਦਰਸ਼ਨਾ ਰਾਣੀ ਪੋਜੋ ਕੇ, ਮਨਜੀਤ ਕੌਰ, ਹਰਜਿੰਦਰ ਕੌਰ, ਵੀਰਪਾਲ ਕੌਰ, ਰਜਨੀ ਬਾਰੇ ਕੇ ਅਤੇ ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਹਾਜ਼ਰ ਸਨ।

 

LEAVE A REPLY

Please enter your comment!
Please enter your name here