ਦਲਜੀਤ ਕੌਰ, ਚੰਡੀਗੜ੍ਹ
ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਐਮਰਜੰਸੀ ਆਨਲਾਈਨ ਜੂਮ ‘ਤੇ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਵਿਚ ਮੱਕੀ ਤੇ ਮੂੰਗੀ ਦੀ ਫ਼ਸਲ ‘ਤੇ ਕਿਸਾਨਾ ਦੀ ਲੁੱਟ ਖਸੁੱਟ ਦੇ ਵਿਰੋਧ ‘ਚ ਅਤੇ ਘੱਟੋ ਘੱਟ ਸਮਰੱਥਨ ਮੁੱਲ ਲੈਣ ਲਈ ਸੰਘਰਸ਼ ਕਰਨ ਦਾ ਫੈਸਲਾ ਲਿਆ ਗਿਆ।
ਜਿਸਦੀ ਪਹਿਲੀ ਲੜੀ ਦੇ ਤੌਰ ‘ਤੇ 27 ਜੂਨ ਨੂੰ ਸੰਯੁਕਤ ਕਿਸਾਨ ਮੋਰਚਾ, ਪੰਜਾਬ ਦੀਆਂ 33 ਜਥੇਬੰਦੀਆਂ ਦੀ ਲੀਡਰਸ਼ਿੱਪ ਵੱਲੋਂ, ਮੁਹਾਲੀ ਗੁਰਦਆਰਾ ਅੰਬ ਸਾਹਿਬ ਵਿਖੇ ਇਕੱਠ ਹੋ ਕੇ ਮੁੱਖ ਮੰਤਰੀ, ਪੰਜਾਬ ਦੇ ਦਫ਼ਤਰ ਵੱਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਰੋਸ ਪ੍ਰਦਰਸ਼ਨ ਵਿਚ ਸੰਯੁਕਤ ਕਿਸਾਨ ਮੋਰਚਾ ਵਿਚ ਸ਼ਾਮਲ ਕਿਸਾਨ ਜਥੇਬੰਦੀਆ ਦੀ ਲੀਡਰਸ਼ਿੱਪ ਸ਼ਾਮਲ ਹੋਵੇਗੀ ਅਤੇ ਮੰਗ ਕੀਤੀ ਜਾਵੇਗੀ ਕਿ ਕਿਸਾਨਾਂ ਮੱਕੀ ਅਤੇ ਮੂੰਗੀ ਦੀ ਖ਼ਰੀਦ ਵਿੱਚ ਕੀਤੀ ਜਾਂਦੀ ਲੁੱਟ ਖਸੁੱਟ ਬੰਦ ਕੀਤੀ ਜਾਵੇ ਅਤੇ ਇਹਨਾਂ ਫਸਲਾਂ ਦੀ ਖਰੀਦ ਘੱਟੋ ਘੱਟ ਸਮਰੱਥਨ ਕੀਮਤ ਤੇ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ ਮਾਰਚ 2022 ਵਿਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਦੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਫਸਲੀ ਵਿਭਿੰਨਤਾ ਲਿਆਉਣ ਤੇ ਪੰਜਾਬ ਦਾ ਪਾਣੀ ਬਚਾਉਣ ਲਈ ਕਿਸਾਨਾਂ ਨੂੰ ਮੱਕੀ ਅਤੇ ਮੂੰਗੀ ਦੀ ਫ਼ਸਲ ਬੀਜਣ ਲਈ ਕਿਹਾ ਸੀ ਤੇ MSP ਤੇ ਫਸਲਾਂ ਨੂੰ ਖਰੀਦਣ ਦੀ ਗਾਰੰਟੀ ਵੀ ਪੰਜਾਬ ਸਰਕਾਰ ਨੇ ਕੀਤੀ ਸੀ।
ਪਰ ਪਿਛਲੇ ਸਾਲ ਵੀ ਕਿਸਾਨਾਂ ਦੀ ਫਸਲ ਦੀ ਖਰੀਦ ਪੰਜਾਬ ਸਰਕਾਰ ਨੇ MSP ਤੇ ਨਹੀ ਕੀਤੀ। ਇਸ ਵਾਰ ਵੀ ਕਿਸਾਨਾਂ ਨੇ ਫਸਲੀ ਵਿਭਿੰਨਤਾ ਜਾਰੀ ਰੱਖੀ ਹੈ ਵੱਡੀ ਪੱਧਰ ਤੇ ਮੱਕੀ ਅਤੇ ਮੂੰਗੀ ਦੀ ਫਸਲ ਬੀਜੀ ਹੈ। ਫਸਲ ਪੱਕ ਕੇ ਮੰਡੀਆ ਵਿੱਚ ਆ ਰਹੀ ਹੈ ਸਰਕਾਰ ਘੱਟੋ ਘੱਟ ਸਮਰੱਥਨ ਕੀਮਤ ‘ਤੇ ਖਰੀਦ ਦੀ ਗਾਰੰਟੀ ਨਹੀਂ ਕਰ ਰਹੀ, ਕਿਸਾਨਾਂ ਨੂੰ ਮਜਬੂਰੀ ਵੱਸ ਵਪਾਰੀਆਂ ਨੂੰ ਘੱਟ ਰੇਟ ਤੇ ਵੇਚਣੀ ਪੈ ਰਹੀ ਹੈ। ਵਪਾਰੀ ਕਿਸਾਨਾਂ ਦੀ ਵੱਡੀ ਲੁੱਟ ਕਰ ਰਹੇ ਹਨ।
ਮੱਕੀ ਦੀ MSP 2090 ਹੈ ਵਪਾਰੀ 1000-1200 ਤੋਂ ਵੀ ਘੱਟ ‘ਤੇ ਖਰੀਦ ਕਰ ਰਹੇ ਹਨ । ਮੂੰਗੀ ਦੀ MSP 7800 ਦੇ ਕਰੀਬ ਹੈ ਜੋ ਵਪਾਰੀ ਬਹੁਤ ਘੱਟ ਕੀਮਤ ‘ਤੇ ਖਰੀਦ ਰਹੇ ਹਨ। ਬਹਨਾ ਫਸਲ ਵਿ`ਚ ਵੱਧ ਨਮੀਂ ਜਾਂ ਮਾੜੀ ਕੁਆਲਿਟੀ ਹੋਣ ਦਾ ਬਣਾਇਆ ਜਾ ਰਿਹਾ ਹੈ ਜਦੋ ਕਿ ਮੁੱਕੀ ਸੁਕਾਉਣ ਵਾਲੇ ਜੋ ਪ੍ਰੋਜਜੈਕਟ ਜੋ ਕਿਸਾਨਾਂ ਦੀ ਮੱਕੀ ਸੁਕਾਉਣ ਲਈ ਸਨ ੳਹ ਵੀ ਵਪਾਰੀਆ ਨੂੰ ਠੇਕੇ ‘ਤੇ ਦਿਤੇ ਹੋਏ ਹਨ।
ਆਗੂਆਂ ਨੇ ਕਿਹਾ ਕਿ ਵਪਾਰੀ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਰਲ ਕੇ ਮੰਡੀਆਂ ਦੇ ਫ਼ੜ੍ਹਾਂ ‘ਤੇ ਕਬਜਾ ਕਰ ਲਿਆ ਹੈ ਜਦੋਂ ਕਿ ਕਿਸਾਨਾਂ ਦੀ ਮੱਕੀ ਟਰਾਲੀਆਂ ਵਿੱਚ ਖਰਾਬ ਹੋ ਰਹੀ ਹੈ। ਮੋਰਚਾ ਮੰਗ ਕਰਦਾ ਹੈ ਕਿ ਮੱਕੀ ਅਤੇ ਮੂੰਗੀ ਦੀ ਫ਼ਸਲ ਘੱਟੋ ਘੱਟ ਸਮਰੱਥਨ ਮੁੱਲ ‘ਤੇ ਖਰੀਦੀ ਜਾਵੇ, ਮੰਡੀਆਂ ਦੇ ਫ਼ੜ੍ਹਾਂ ਨੂੰ ਅਤੇ ਮੱਕੀ ਸੁਕਾਉਣ ਵਾਲੇ ਪ੍ਰੋਜੈਕਟਾਂ ਨੂੰ ਕਿਸਾਨਾਂ ਦੀ ਮੱਕੀ ਸਾਂਭਣ ਅਤੇ ਸੁਕਾਉਣ ਲਈ ਵਰਤਿਆ ਜਾਵੇ।
ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਸੱਦਾ ਦਿੱਤਾ ਹੈ ਕਿ 27 ਜੂਨ ਨੂੰ ਸਵੇਰੇ 11.00 ਵਜੇ ਤੱਕ ਗੁਰੂਦੁਆਰਾ ਅੰਬ ਸਾਹਿਬ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਤਾਂ ਜੋ ਮੱਕੀ ਅਤੇ ਮੂੰਗੀ ਦੀ ਖਰੀਦ ‘ਚ ਹੋ ਰਹੀ ਲੁੱਟ ਨੂੰ ਰੁਕਵਾਇਆ ਜਾ ਸਕੇ।