ਗੜ੍ਹਸ਼ੰਕਰ :
ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਦੀ ਸੂਬਾ ਪੱਧਰੀ ਮੀਟਿੰਗ ਗੜ੍ਹਸ਼ੰਕਰ ਵਿਚ ਹੋਈ। ਮੀਟਿੰਗ ਦੌਰਾਨ ਅੰਗਹੀਣ ਵਰਗ ਦੀਆਂ ਸਮੱਸਿਆਵਾਂ ਤੇ ਚਿੰਤਾ ਦਾ ਪ੍ਰਗਟਾਵਾ ਅਤੇ ਨਰਾਜ਼ਗੀ ਦਾ ਇਜ਼ਹਾਰ ਕਰਦਿਆਂ ਚੇਅਰਮੈਨ ਕਸ਼ਮੀਰ ਸਨਾਵਾ, ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਲੱਲੀਆਂ, ਮੀਤ ਪ੍ਰਧਾਨ ਪਵਨ ਠੁਕਰਾਲ, ਉੱਪ ਚੇਅਰਮੈਨ ਹੀਰਾ ਸਿੰਘ ਚੌਹਾਨ, ਗੁਰਮੇਲ ਹੀਰਾ, ਕੁਲਵਿੰਦਰ ਫਤਹਿਪੁਰ ਅਤੇ ਬੀਬੀ ਕੁਲਵਿੰਦਰ ਭੱਟੀ ਨੇ ਕਿਹਾ ਕਿ ਸੂਬੇ ਅੰਦਰ ਹਜ਼ਾਰਾਂ ਪੜ੍ਹੇ-ਲਿਖੇ ਯੋਗ ਅੰਗਹੀਣ ਬੇਰੁਜ਼ਗਾਰ ਹਨ।
ਜਦਕਿ ਗਲਤ ਲੋਕ ਝੂਠੇ ਅੰਗਹੀਣ ਸਰਟੀਫਿਕੇਟ ਬਣਾ ਕੇ ਸਰਕਾਰੀ ਨੌਕਰੀਆਂ ਦੇ ਵੱਡੇ-ਵੱਡੇ ਰਾਖਵੇਂ ਅਹੁਦਿਆਂ ਤੇ ਮੌਜਾਂ ਮਾਣ ਰਹੇ ਹਨ। ਇਸ ਦਾ ਸਬੂਤ ਸਾਬਕਾ ਖ਼ਜ਼ਾਨਾ ਮੰਤਰੀ ਦੇ ਓਐੱਸਡੀ ਰਹੇ ਵਿਅਕਤੀ ਦੀ ਜਾਅਲੀ ਅੰਗਹੀਣ ਸਰਟੀਫਿਕੇਟ ਤੇ ਕਾਨੂੰਗੋ ਵਜੋਂ ਨਿਯੁਕਤੀ ਹੈ ਜਿਸ ਨੂੰ ਨਾਇਬ ਤਹਿਸੀਲਦਾਰ ਬਣਾ ਦਿੱਤਾ ਗਿਆ।
ਉਨਾਂ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਬਰਨਾਲਾ ਵਿਖੇ ਅਨੇਕਾਂ ਅਜਿਹੀਆਂ ਉਦਾਹਰਣਾਂ ਸਾਹਮਣੇ ਆਈਆਂ ਹਨ। ਅੰਗਹੀਣਤਾ ਵਾਲੀ ਕੋਈ ਗੱਲ ਨਾ ਹੋਣ ਦੇ ਬਾਵਜੂਦ ਇਨਾਂ੍ਹ ਵੱਲੋਂ ਲਈਆਂ ਨੌਕਰੀਆਂ ਕਾਰਨ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਉਨਾਂ ਅੰਗਹੀਣਾਂ ਦਾ ਬੱਸ ਕਿਰਾਇਆ ਮਾਫ ਕਰ, ਅੰਗਹੀਣ ਅਸਾਮੀਆਂ ਤੇ ਤੁਰੰਤ ਅੰਗਹੀਣ ਵਿਅਕਤੀਆਂ ਨੂੰ ਨਿਯੁਕਤ ਕਰਨ, ਅੰਗਹੀਣ ਭਲਾਈ ਸਕੀਮਾਂ ‘ਚ ਬਣਨ ਦੀ ਹਿੱਸੇਦਾਰੀ ਦੇਣ, ਸਵੈ ਰੋਜ਼ਗਾਰ ਲਈ ਅਪਾਹਜਾਂ ਨੂੰ ਵਿਸ਼ੇਸ਼ ਸਕੀਮਾਂ ਤਿਆਰ ਕਰਕੇ ਰੋਜ਼ੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਮੀਟਿੰਗ ਵਿਚ ਜਲਦ ਹੀ ਐਸੋਸੀਏਸ਼ਨ ਦਾ ਸੂਬਾਈ ਇਜਲਾਸ ਬਣਾਉਣ ਦਾ ਫ਼ੈਸਲਾ ਲਿਆ ਗਿਆ ਤਾਂ ਜੋ ਅੰਗਹੀਣਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਠੋਸ ਅਤੇ ਸਰਗਰਮ ਅੰਦੋਲਨ ਸ਼ੁਰੂ ਕੀਤਾ ਜਾ ਸਕੇ। ਇਸ ਮੌਕੇ ਸੂਬਾਈ ਕਾਰਜਕਾਰਨੀ ਦੀ ਮੀਟਿੰਗ 9 ਜੁਲਾਈ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਨ ਦਾ ਫੈਸਲਾ ਲਿਆ ਗਿਆ।