ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ; ਕਾਂਗਰਸ ਰਾਜ ਵੇਲੇ ਹੋਏ ਵਿਕਾਸ ਕਾਰਜਾਂ ਦੀ ਹੋਵੇਗੀ ਜਾਂਚ

358

 

  • ਕਪੂਰਥਲਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਪਿੰਡਾਂ ’ਚ ਵਿਕਾਸ ਕਾਰਜਾਂ ਦੀ ਫਿਜੀਕਲ ਵੈਰੀਫਿਕੇਸ਼ਨ ਸ਼ੁਰੂ
  • ਡਿਪਟੀ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਲਈ ਇਕ-ਇਕ ਪੈਸਾ ਪਾਰਦਰਸ਼ੀ ਢੰਗ ਨਾਲ ਖ਼ਰਚ ਕਰਨ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ
  • ਕਿਹਾ, ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਿਕਾਸ ਕਾਰਜ ਸੀ.ਐਸ.ਆਰ. ਅਨੁਸਾਰ ਹੀ ਕਰਵਾਏ ਜਾਣ

ਨਡਾਲਾ /ਢਿਲਵਾਂ / ਕਪੂਰਥਲਾ

ਪੰਜਾਬ ਸਰਕਾਰ ਵਲੋਂ ਪਿੰਡਾਂ ਵਿੱਚ ਵਿਕਾਸ ਲਈ ਜਾਰੀ ਹੁੰਦੇ ਫੰਡਾਂ ਦੀ ਪਾਰਦਰਸ਼ੀ ਢੰਗ ਨਾਲ ਸੁਚੱਜੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ ਜ਼ਿਲ੍ਹੇ ਵਿੱਚ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੀ ਫਿਜੀਕਲ ਵੈਰੀਫਿਕੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ।

ਬਲਾਕ ਨਡਾਲਾ ਅਤੇ ਢਿਲਵਾਂ ਵਿੱਚ ਪੈਂਦੇ ਪਿੰਡਾਂ ਤੋਂ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਮੰਡ ਇਬਰਾਹਿਮ ਵਾਲ, ਧਾਲੀਵਾਲ ਬੇਟ ਅਤੇ ਬਾਦਸ਼ਾਹਪੁਰ ਦਾ ਦੌਰਾ ਕਰਦਿਆਂ ਥਾਪਰ ਮਾਡਲ ਦੇ ਛੱਪੜ, ਪਿੰਡਾਂ ਦੇ ਅੰਦਰ ਕੰਕਰੀਟ ਸੜਕਾਂ ਅਤੇ ਵਾਟਰ ਸਪਲਾਈ ਤੇ ਸੀਵਰੇਜ ਆਦਿ ਕੰਮਾਂ ਦਾ ਜਾਇਜ਼ਾ ਲਿਆ ਗਿਆ।

ਡਿਪਟੀ ਕਮਿਸ਼ਨਰ ਵਲੋਂ ਇਸ ਮੌਕੇ ਪੰਜਾਬ ਬੁਨਿਆਂਦੀ ਢਾਂਚਾ ਵਿਕਾਸ ਬੋਰਡ, ਪੰਜਾਬ ਨਿਰਮਾਣ ਪ੍ਰੋਗਰਾਮ, ਸਮਾਰਟ ਵਿਲੇਜ ਮੁਹਿੰਮ 1 ਅਤੇ 2 ਦੌਰਾਨ ਜਾਰੀ ਕੀਤੇ ਗਏ ਫੰਡਾਂ ਨਾਲ ਹੋਏ ਵਿਕਾਸ ਕਾਰਜਾਂ ਦੀ ਗਿਣਤੀ ਅਤੇ ਗੁਣਵੱਤਾ ਦੀ ਵੀ ਜਾਂਚ ਕੀਤੀ ਗਈ ਅਤੇ ਸੜਕਾਂ ਤੇ ਗਲੀਆਂ ਦੀ ਲੰਬਾਈ ਚੌੜਾਈ ਨੂੰ ਨਾਪਿਆ ਗਿਆ।

ਡਿਪਟੀ ਕਮਿਸ਼ਨਰ ਨੇ ਇਹ ਸਪਸ਼ਟ ਕੀਤਾ ਕਿ ਜ਼ਿਲ੍ਹੇ ਭਰ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸੀ.ਐਸ.ਆਰ. (ਕਾਮਲ ਸਡਿਊਲ ਆਫ ਰੇਟ) ਦੇ ਵੱਖ-ਵੱਖ ਮਾਪਦੰਡਾਂ ਅਨੁਸਾਰ ਪੂਰਾ ਕੀਤਾ ਜਾਵੇ।

ਸਰਕਾਰੀ ਫੰਡਾਂ ਦੀ ਉਚਿੱਤ ਵਰਤੋਂ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਪ੍ਰਸ਼ਾਸਨ ਵਲੋਂ ਅਧਿਕਾਰੀਆਂ ਨੂੰ ਸਮੇਂ ਸਿਰ ਕੰਮ ਨੂੰ ਮੁਕੰਮਲ ਕਰਨ ਦੇ ਨਾਲ-ਨਾਲ ਵਿਕਾਸ ਕਾਰਜਾਂ ਦੀ ਗੁਣਵੱਤਾ ਦੀ ਖੁਦ ਨਿਗਰਾਨੀ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ।

ਇਸ ਮੌਕੇ ਉਨ੍ਹਾਂ ਵਲੋਂ ਪਿੰਡ ਵਾਸੀਆਂ ਵਲੋਂ ਬਕਾਇਆ ਰਹਿੰਦੇ ਕੰਮਾਂ ਸਬੰਧੀ ਜਾਣਕਾਰੀ ਹਾਸਿਲ ਕਰਦਿਆਂ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਰਿਕਾਰਡ ਦੀ ਜਾਂਚ ਵੀ ਕੀਤੀ ਗਈ।

ਆਪਣੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਥਾਨਕ ਵਾਸੀਆਂ ਨੂੰ ਅਪੀਲ ਕੀਤੀ ਕਿ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਫੰਡਾਂ ਦੀ ਗਲਤ ਵਰਤੋਂ ’ਤੇ ਪੂਰੀ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਜਿਹੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

LEAVE A REPLY

Please enter your comment!
Please enter your name here