ਪੰਜਾਬ ਸਰਕਾਰ ਨੇ ਕੀਤੀ ਨਿਵੇਕਲੀ ਪਹਿਲ, ਇੰਝ ਹੋਵੇਗਾ ਭ੍ਰਿਸ਼ਟਾਚਾਰ ਖ਼ਤਮ

518

 

  • ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਦੀ ਨਿਵੇਕਲੀ ਪਹਿਲਕਦਮੀ
  • ਸਰਕਾਰੀ ਫਾਈਲ ਕਵਰ ਰਾਹੀਂ ਸਮਾਜਿਕ ਕੁਰੀਤੀਆਂ ਖਿਲਾਫ ਕੀਤਾ ਜਾਵੇਗਾ ਜਾਗਰੂਕ: ਮੀਤ ਹੇਅਰ
  • ਸਾਖ਼ਰਤਾ ਅਭਿਆਨ ਦੇ ਨਾਲ ਚੌਗਿਰਦੇ ਤੇ ਜਲ ਦੀ ਸੰਭਾਲ ਦਾ ਵੀ ਦਿੱਤਾ ਹੋਕਾ
  • ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਨੇ ਜਾਰੀ ਕੀਤੇ ਨਵੇਂ ਸਰਕਾਰੀ ਫਾਈਲ ਕਵਰ

ਚੰਡੀਗੜ੍ਹ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਤੇ ਨਸ਼ਿਆਂ ਜਿਹੀਆਂ ਅਲਾਮਤਾਂ ਨੂੰ ਜੜ੍ਹੋਂ ਖਤਮ ਕਰਨ ਲਈ ਲਏ ਪ੍ਰਣ ਨੂੰ ਦੁਹਰਾਉਂਦਿਆਂ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਸਰਕਾਰੀ ਫਾਈਲ ਕਵਰਜ਼ ਰਾਹੀਂ ਸਮਾਜਿਕ ਅਲਾਮਤਾਂ ਖਿਲਾਫ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਦੇ ਨਾਲ ਹੀ ਸਾਖ਼ਰਤਾ ਅਭਿਆਨ ਅਤੇ ਚੌਗਿਰਦੇ ਤੇ ਜਲ ਦੀ ਸੰਭਾਲ ਦਾ ਵੀ ਹੋਕਾ ਦਿੱਤਾ ਜਾ ਰਿਹਾ ਹੈ।

ਇਹ ਜਾਣਕਾਰੀ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਨਿਵੇਕਲੀ ਪਿਰਤ ਪਾਉਂਦੇ ਨਵੇਂ ਸਰਕਾਰੀ ਫਾਈਲ ਕਵਰ ਜਾਰੀ ਕਰਦਿਆਂ ਦਿੱਤੀ। ਕੈਬਨਿਟ ਮੰਤਰੀ ਤੇ ਵਿਭਾਗ ਦੀ ਵਿਸ਼ੇਸ਼ ਸਕੱਤਰ ਡਾ.ਸੇਨੂੰ ਦੁੱਗਲ ਵੱਲੋਂ ਇਹ ਨਵੇਂ ਸਰਕਾਰੀ ਫਾਈਲ ਕਵਰ ਜਾਰੀ ਕੀਤੇ ਗਏ।

ਨਵੇਂ ਜਾਰੀ ਕੀਤੇ ਗਏ ਸਰਕਾਰੀ ਫਾਈਲ ਕਵਰ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਉਪਰ ‘ਭ੍ਰਿਸ਼ਟਾਚਾਰ ਮੁਕਾਓ, ਸੁਧਾਰ ਲਿਆਓ’, ‘ਨਸ਼ਿਆਂ ਨੂੰ ਜੜ੍ਹੋ ਮੁਕਾਓ’, ‘ਹਰ ਮਨੁੱਖ ਲਾਵੇ ਰੁੱਖ’, ‘ਜਲ ਹੈ ਤਾਂ ਕੱਲ੍ਹ ਹੈ’ ਤੇ ‘ਪੜ੍ਹੋ ਅਤੇ ਪੜ੍ਹਾਓ’ ਸਲੋਗਨ ਲਿਖੇ ਗਏ ਹਨ ਜਿਨ੍ਹਾਂ ਨਾਲ ਸਬੰਧਤ ਲੋਗੋ ਲਗਾਏ ਗਏ ਹਨ। ਇਸ ਤੋਂ ਇਲਾਵਾ ਫਾਈਲ ਉਪਰ ਲਗਾਏ ਜਾਂਦੇ ਫਲੈਪਰ (ਜੱਫ਼ੂ) ਉਤੇ ਵਿਭਾਗ, ਸ਼ਾਖਾ ਆਦਿ ਦੀ ਜਾਣਕਾਰੀ ਲਿਖਣ ਲਈ ਕਾਲਮ ਰੱਖੇ ਗਏ ਹਨ। ਇਸ ਤੋਂ ਪਹਿਲਾਂ ਹਰ ਵਾਰ ਕੋਈ ਵੀ ਸਰਕਾਰੀ ਫਾਈਲ ਤਿਆਰ ਕਰਦਿਆਂ ਵੱਖਰਾ ਪ੍ਰਿੰਟ ਕਢਵਾ ਕੇ ਲਾਉਣਾ ਪੈਂਦਾ ਸੀ।

ਮੀਤ ਹੇਅਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਭ੍ਰਿਸ਼ਟਾਚਾਰ, ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ ਵੱਲੋਂ ਸਾਰੇ ਸਰਕਾਰੀ ਵਿਭਾਗਾਂ ਲਈ ਨਿੱਤ ਵਰਤੋਂ ਵਿੱਚ ਆਉਂਦੇ ਫਾਈਲ ਕਵਰ ਪ੍ਰਕਾਸ਼ਿਤ ਕਰਵਾਏ ਜਾਂਦੇ ਹਨ। ਵਿਭਾਗ ਨੇ ਫੈਸਲਾ ਕੀਤਾ ਹੈ ਕਿ ਸਮਾਜਿਕ ਅਲਾਮਤਾਂ ਖਿਲਾਫ ਜਾਗਰੂਕ ਕਰਦੇ ਅਤੇ ਚੌਗਿਰਦੇ ਦੀ ਸਾਂਭ ਸੰਭਾਲ ਵਾਲੇ ਸਲੋਗਨ ਫਾਈਲਾਂ ਉਪਰ ਲਿਖੇ ਜਾਣ।

ਪ੍ਰਿੰਟਿੰਗ ਤੇ ਸਟੇਸ਼ਟਨੀ ਮੰਤਰੀ ਨੇ ਕਿਹਾ ਕਿ ਰੋਜ਼ਾਨਾ ਕੰਮਕਾਜ ਕਰਦੇ ਦੌਰਾਨ ਸਰਕਾਰੀ ਦਫਤਰਾਂ ਦੀ ਫਾਈਲਾਂ ਕਈ ਸਰਕਾਰੀ ਕਰਮੀਆਂ ਦੇ ਹੱਥੋਂ ਨਿਕਲਦੀਆਂ ਹਨ ਅਤੇ ਚੰਗੇ ਸੰਦੇਸ਼ ਦੇਣ ਲਈ ਇਸ ਤੋਂ ਵਧੀਆ ਪਹਿਲਕਦਮੀ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਸਮੇਂ ਅਤੇ ਪੈਸੇ ਦੀ ਬੱਚਤ ਲਈ ਫਾਈਲ ਕਵਰ ਉਪਰ ਲੱਗਦੇ ਫਲੈਪਰ ਉਪਰ ਵਿਭਾਗ, ਸ਼ਾਖਾ ਆਦਿ ਦਾ ਨਾਮ ਛਪਵਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ ਤਾਂ ਜੋ ਹਰ ਫਾਈਲ ਤਿਆਰ ਕਰਦਿਆਂ ਵੱਖਰਾ ਪ੍ਰਿੰਟ ਨਾ ਕਢਵਾਉਣਾ ਪਵੇ।

 

LEAVE A REPLY

Please enter your comment!
Please enter your name here