ਦਲਜੀਤ ਕੌਰ ਭਵਾਨੀਗੜ੍ਹ, ਸੰਗਰੂਰ
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲਾ ਇਕਾਈ ਸੰਗਰੂਰ ਨੇ ਬੀ ਪੀ ਈ ਓ ਚੀਮਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਛਾਜਲਾ ਦੇ ਹੈੱਡ ਟੀਚਰ ਜਗਦੀਸ਼ ਲਾਲ ਨਾਲ ਕੀਤੇ ਗਏ ਦੁਰਵਿਹਾਰ ਦਾ ਗੰਭੀਰ ਨੋਟਿਸ ਲੈਂਦਿਆਂ, ਡਿਪਟੀ ਕਮਿਸ਼ਨਰ ਸੰਗਰੂਰ ਅਤੇ ਡੀ ਈ ਓ (ਐਲੀਮੈਂਟਰੀ) ਸੰਗਰੂਰ ਤੋਂ ਇਸ ਹੈਂਕੜਬਾਜ਼, ਗੈਰਮਨੁੱਖੀ ਬੀਪੀਓ ਖ਼ਿਲਾਫ਼ ਤੁਰੰਤ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜ਼ਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਨੇ ਕਿਹਾ ਕਿ ਇਸ ਭੂਤਰੇ ਹੋਏ ਅਫ਼ਸਰ ਵੱਲੋਂ ਜਗਦੀਸ਼ ਲਾਲ ਜੋ ਸੈਂਟਰ ਸਕੂਲ ਚੋਵਾਸ ਵਿਖੇ ਡਿਊਟੀ ਨਿਭਾ ਰਹੇ ਸੀ, ਨੂੰ ਉਨ੍ਹਾਂ ਦੇ ਸਕੂਲ ਵਿੱਚ ਸੱਦ ਕੇ ਜ਼ਲੀਲ ਕੀਤਾ ਗਿਆ ।” ਤੂੰ ਮੇਰੇ ਅੱਗੇ ਕੀ ਚੀਜ਼ ਹੈਂ? ਤੇਰੀ ਕੀ ਔਕਾਤ ਹੈ? ਤੂੰ ਮੈਨੂੰ ਜਾਣਦਾ ਨਹੀਂ! ਸਕੂਲ ਵਿੱਚੋਂ ਦਫ਼ਾ ਹੋ ਜਾ ।”ਆਦਿ ਸ਼ਬਦਾਵਲੀ ਵਰਤੀ ਗਈ, ਜੋ ਪੂਰੀ ਤਰ੍ਹਾਂ ਅਨੈਤਿਕ, ਗੈਰਮਨੁੱਖੀ, ਅਸੱਭਿਅਕ ਅਤੇ ਜ਼ਲੀਲ ਕਰਨ ਵਾਲੀ ਹੈ।
ਇਸ ਬੀ ਪੀ ਈ ਓ ਵੱਲੋਂ ਪਹਿਲਾਂ ਵੀ ਲਗਾਤਾਰ ਸਕੂਲਾਂ ਵਿਚ ਜਾ ਕੇ ਅਧਿਆਪਕਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਅਤੇ ਵਿਭਾਗ ਨੂੰ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਵਾਂਗ ਚਲਾਉਣ ਵਾਲਾ ਵਿਵਹਾਰ ਕੀਤਾ ਜਾ ਰਿਹਾ ਹੈ ਜਦਕਿ ਉਸ ਦੇ ਆਪਣੇ ਦਫ਼ਤਰ ਵਿੱਚ ਅਧਿਆਪਕਾਂ ਦੇ ਕਿੰਨੇ ਹੀ ਕੰਮ ਅਧੂਰੇ ਪਏ ਹਨ।
ਉਨ੍ਹਾਂ ਕਿਹਾ ਕਿ ਅਧਿਆਪਕ ਜਥੇਬੰਦੀਆਂ ਨੇ ਪਹਿਲਾਂ ਵੀ ਉਨ੍ਹਾਂ ਨੂੰ ਮਿਲ ਕੇ ਇਹ ਵਿਵਹਾਰ ਸੁਧਾਰਨ ਲਈ ਕਿਹਾ ਗਿਆ ਸੀ ਪਰ ਉਸ ਵੱਲੋਂ ਹਰ ਚੜ੍ਹਦੇ ਦਿਨ ਹੋਰ ਅੱਗੇ ਵਧਿਆ ਜਾ ਰਿਹਾ ਹੈ, ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਜਥੇਬੰਦੀਆਂ ਕੁਝ ਅੱਗੇ ਸੋਚਣ ਲਈ ਮਜਬੂਰ ਹੋਣਗੀਆਂ। ਜਗਦੀਸ਼ ਲਾਲ ਨੇ ਡੀ ਸੀ ਅਤੇ ਡੀ ਈ ਓ ਨੂੰ ਲਿਖਤੀ ਤੌਰ ਤੇ ਲਿਖ ਕੇ ਵੀ ਇਹ ਕਾਰਵਾਈ ਤੁਰੰਤ ਕਰਨ ਦੀ ਮੰਗ ਕੀਤੀ ਹੈ।